ਸਿਟੀ ਬਿਊਟੀਫੁਲ ਦੀ ਫ਼ਿਜ਼ਾ ਹੋਈ ਗੰਧਲੀ
ਆਤਿਸ਼ ਗੁਪਤਾ
ਚੰਡੀਗੜ੍ਹ, 27 ਅਕਤੂਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਦੀਵਾਲੀ ਤੋਂ ਪਹਿਲਾਂ ਹੀ ਹਵਾ ਗੰਧਲੀ ਹੋ ਗਈ ਹੈ। ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਹ ਹਾਲ ਦੀਵਾਲੀ ਤੋਂ ਬਾਅਦ ਦਿਖਾਈ ਦਿੰਦਾ ਸੀ, ਪਰ ਇਸ ਵਾਰ ਦੀਵਾਲੀ ਤੋਂ ਪਹਿਲਾਂ ਦੀ ਚੰਡੀਗੜ੍ਹ ਦੀ ਹਵਾ ਗੰਧਲੀ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਹਵਾ ਹੋਰ ਗੰਧਲੀ ਹੋ ਸਕਦੀ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ਦੀ ਸਰਹੱਦ ਦੇ ਨਾਲ ਲਗਦੇ ਇਲਾਕੇ ਵਿੱਚ ਏਕਿਊਆਈ 225 ਦੇ ਕਰੀਬ ਪਹੁੰਚ ਗਿਆ ਸੀ, ਸ਼ਾਮ ਹੁੰਦਿਆਂ ਹੋਰ ਵਾਧਾ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਮੁਹਾਲੀ ਦੇ ਨਾਲ ਲਗਦੇ ਸੈਕਟਰ-53 ਤੇ ਹੋਰਨਾਂ ਇਲਾਕਿਆਂ ਵਿੱਚ ਦਿਨ ਸਮੇਂ ਏਕਿਊਆਈ 190 ਅਤੇ 200 ’ਤੇ ਪਹੁੰਚ ਗਿਆ ਸੀ ਜਦੋਂਕਿ ਸੈਕਟਰ-25 ਵਿੱਚ ਏਕਿਊਆਈ ਪੱਧਰ 130, ਸੈਕਟਰ-22 ਵਿੱਚ 170 ਦਰਜ ਕੀਤਾ ਗਿਆ ਸੀ। ਸ਼ਾਮ ਸਮੇਂ ਸੈਕਟਰ-53 ਵਿੱਚ 223, ਸੈਕਟਰ-22 ਵਿੱਚ 196 ਅਤੇ ਸੈਕਟਰ-25 ਵਿੱਚ 142 ਦਰਜ ਕੀਤਾ ਗਿਆ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਮੌਸਮ ਵਿੱਚ ਬਦਲਾਅ ਦੇ ਚੱਲਦਿਆਂ ਪ੍ਰਦੂਸ਼ਣ ਦੀ ਮਾਤਰਾ ਵਧੀ ਹੋਈ ਹੈ। ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਹੀ ਮੌਸਮ ਸਾਫ਼ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪਟਾਕੇ ਚੱਲਣ ਕਰ ਕੇ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿਹਾ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਹਵਾ ਪ੍ਰਦੂਸ਼ਣ ’ਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ, ਜ਼ਿਆਦਾ ਪ੍ਰਦੂਸ਼ਣ ਵਧਣ ’ਤੇ ਉਸ ਅਨੁਸਾਰ ਫ਼ੈਸਲਾ ਲਿਆ ਜਾਵੇਗਾ।