ਸਿਟੀ ਬਿਊਟੀਫੁੱਲ: ਪਾਣੀ ਵਾਲੀ ਪਾਈਪ ਪਾਉਣ ਕਾਰਨ ਭਾਰੀ ਜਾਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਇੱਥੋਂ ਦੇ ਟ੍ਰਿਬਿਊਨ ਚੌਕ ਵਿੱਚ ਅੱਜ ਸਾਰਾ ਦਿਨ ਭਾਰੀ ਜਾਮ ਲੱਗਿਆ ਰਿਹਾ ਹੈ, ਜਿਸ ਕਰਕੇ ਲੋਕ ਕਈ-ਕਈ ਘੰਟੇ ਜਾਮ ਖੁਆਰ ਹੁੰਦੇ ਰਹੇ। ਜ਼ੀਰਕਪੁਰ ਤੋਂ ਚੰਡੀਗੜ੍ਹ ਦਾਖ਼ਲ ਹੋਣ ਵਾਲੀ ਸੜਕ ਤੋਂ ਲੈ ਕੇ ਸੈਕਟਰ-32 ਹਸਪਤਾਲ ਵਾਲੇ ਚੌਕ ਤੱਕ ਜਾਮ ਸੀ। ਇਸ ਦੌਰਾਨ ਚੰਡੀਗੜ੍ਹ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-39 ਵਿੱਚ ਸਥਿਤ ਵਾਟਰ ਵਰਕਸ ਤੋਂ ਚੰਡੀ ਮੰਦਰ ਤੱਕ ਪਾਣੀ ਦੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਸ ਤਹਿਤ 4 ਤੇ 5 ਫਰਵਰੀ ਨੂੰ ਦੱਖਣ ਮਾਰਗ ’ਤੇ ਪਾਣੀ ਦੀ ਪਾਈਪ ਲਾਈਨ ਪਾਉਣ ਦਾ ਕੰਮ ਚੱਲਣ ਕਰਕੇ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਸੜਕ ਦੇ ਇਕ ਪਾਸੇ ਨੂੂੰ ਬੰਦ ਕੀਤਾ ਗਿਆ ਹੈ। ਟ੍ਰਿਬਿਊਨ ਚੌਕ ਦੇ ਨਜ਼ਦੀਕ ਸੜਕ ਦਾ ਇੱਕ ਪਾਸਾ ਬੰਦ ਹੋਣ ਕਰਕੇ ਪੂਰੇ ਸ਼ਹਿਰ ਵਿੱਚ ਜਾਮ ਵਰਗੇ ਹਾਲਾਤ ਬਣ ਗਏ ਹਨ। ਇਸ ਦੌਰਾਨ ਟਰੈਫਿਕ ਪੁਲੀਸ ਵੱਲੋਂ ਕਈ ਥਾਵਾਂ ’ਤੇ ਰੂਟ ਬਦਲੇ ਦਿੱਤੇ, ਪਰ ਸੜਕਾਂ ’ਤੇ ਜਾਮ ਨੂੰ ਖਤਮ ਨਹੀਂ ਕੀਤਾ ਜਾ ਸੱਕਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਈ-ਕਈ ਘੰਟੇ ਟਰੈਫ਼ਿਕ ਜਾਮ ਕਰਕੇ ਖੱਜਲ-ਖੁਆਰ ਹੋਣਾ ਪਿਆ ਹੈ।
ਚੰਡੀਗੜ੍ਹ ਟਰੈਫ਼ਿਕ ਪੁਲੀਸ ਦੇ ਬੁਲਾਰੇ ਨੇ ਕਿਹਾ ਕਿ 5 ਫਰਵਰੀ ਨੂੰ ਵੀ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਜਾਰੀ ਰਹੇਗਾ। ਇਸ ਕਰਕੇ ਲੋਕਾਂ ਨੂੰ 5 ਫਰਵਰੀ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਲੋਕਾਂ ਨੂੰ ਬਦਲਵੇ ਰਾਹ ਦੀ ਵਰਤੋਂ ਕਰਨ ਦੀ ਅਪੀਲ ਕੀਤੀ।