For the best experience, open
https://m.punjabitribuneonline.com
on your mobile browser.
Advertisement

ਸੀਟੂ ਵੱਲੋਂ ਫ਼ੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਮੁਹਿੰਮ ਸ਼ੁਰੂ

07:58 AM Jul 05, 2024 IST
ਸੀਟੂ ਵੱਲੋਂ ਫ਼ੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਮੁਹਿੰਮ ਸ਼ੁਰੂ
ਫ਼ੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਸੀਟੂ ਕਾਰਕੁਨ। ਫੋਟੋ: ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 4 ਜੁਲਾਈ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਫ਼ੌਜਦਾਰੀ ਕਾਨੂੰਨਾਂ ਖ਼ਿਲਾਫ਼ ਦੇਸ਼ ਵਿਆਪੀ ਮੁਹਿੰਮ ਤਹਿਤ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਵੱਲੋਂ ਹਰ ਪਿੰਡ ਵਿੱਚ ਇਸ ਦੀਆਂ ਕਾਪੀਆਂ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ਰਾਏਕੋਟ ਤਹਿਸੀਲ ਦੇ ਪਿੰਡ ਬੁਰਜ ਹਕੀਮਾਂ ਅਤੇ ਬੁਰਜ ਲਿਟਾਂ ਵਿੱਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਇਹ ਕਾਨੂੰਨੀ ਵਿਵਸਥਾ ਵਿੱਚ ਭੰਬਲਭੂਸਾ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਾਰਾਵਾਂ ਦੇ ਨਾਮ ਬਦਲ ਦਿੱਤੇ ਗਏ ਹਨ ਜਦਕਿ ਖ਼ੁਦ ਪੁਲੀਸ ਇਨ੍ਹਾਂ ਕਾਨੂੰਨਾਂ ਤੋਂ ਹਾਲੇ ਤੱਕ ਅਣਜਾਣ ਹੈ।
ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਸਤੀਵਾਦੀ ਅੰਗਰੇਜ਼ ਰਾਜ ਵੱਲੋਂ ਲੋਕਾਂ ਨੂੰ ਦਬਾਅ ਕੇ ਰੱਖਣ ਲਈ ਬਣਾਏ ਕਾਨੂੰਨਾਂ ਤੋਂ ਵੀ ਕਈ ਗੁਣਾਂ ਵਧੇਰੇ ਖ਼ਤਰਨਾਕ ਹਨ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਵਿਵਾਦਤ ਖੇਤੀ ਕਾਨੂੰਨਾਂ ਵਾਂਗ ਇਹ ਇਹ ਕਾਨੂੰਨ ਵੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਬਣਾਏ ਗਏ ਹਨ। ਉਨ੍ਹਾਂ ਆਮ ਲੋਕਾਂ ਅਤੇ ਖ਼ਾਸਕਰ ਮਜ਼ਦੂਰ ਜਮਾਤ ਨੂੰ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਦੇਸ਼ ਵਿਆਪੀ ਵਿਰੋਧ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਵਿੱਚ ਸ਼ਾਮਲ ਰਾਜਨੀਤਕ ਪਾਰਟੀਆਂ ਨੂੰ ਵੀ ਇਸ ਵਿਰੁੱਧ ਫ਼ੈਸਲਾਕੁਨ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਅਤੇ ਤਹਿਸੀਲ ਸਕੱਤਰ ਕਰਮਜੀਤ ਸਿੰਘ ਬੁਰਜ ਲਿਟਾਂ ਨੇ ਸੰਬੋਧਨ ਕੀਤਾ। ਸੰਤੋਖ ਸਿੰਘ, ਪਰਮਜੀਤ ਕੌਰ ਪੰਚ, ਹਰਬੰਸ ਕੌਰ, ਸੁਖਵਿੰਦਰ ਕੌਰ, ਬਲਜਿੰਦਰ ਕੌਰ, ਜਸਵੰਤ ਸਿੰਘ ਬੁਰਜ ਲਿਟਾਂ ਅਤੇ ਗੁਰਮੁੱਖ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement