ਸੀਆਈਐੱਸਸੀਈ ਨੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਐਲਾਨੇ
ਹਤਿੰਦਰ ਮਹਿਤਾ
ਜਲੰਧਰ, 6 ਮਈ
ਦਿ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐੱਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐੱਸਸੀ ਬਾਰਵੀਂ) ਦੇ ਨਤੀਜੇ ਐਲਾਨ ਦਿੱਤੇ ਗਏ। ਡਿਫੈਂਸ ਕਲੋਨੀ ਸਥਿਤ ਸੇਂਟ ਜੋਸਫ ਬੁਆਏਜ਼ ਸਕੂਲ ਦੀ ਨਿਵੇਦਿਤਾ ਸਿੰਘ ਨੇ ਕਾਮਰਸ ਸਟਰੀਮ ਵਿੱਚ 91.25 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਨਿਵੇਦਿਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਪੜ੍ਹਾਈ ਕਰਦੀ ਸੀ। ਦਸਵੀਂ ਜਮਾਤ ਵਿੱਚ ਸੇਂਟ ਜੋਸੇਫ ਬੁਆਏਜ਼ ਸਕੂਲ ਡਿਫੈਂਸ ਕਲੋਨੀ ਦੇ ਵੰਸ਼ ਆਨੰਦ ਅਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਸਾਵੀ ਨੇ ਸਾਂਝੇ ਤੌਰ ’ਤੇ 98.8 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਜ਼ਿਲ੍ਹੇ ਦੇ ਦੋਵੇਂ ਟਾਪਰਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਮੈਡੀਕਲ ਸਟਰੀਮ ਵਿੱਚ 90 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਸੇਂਟ ਜੋਸਫ਼ ਬੁਆਏਜ਼ ਸਕੂਲ ਦੇ ਉਦੈਵੀਰ ਸਿੰਘ ਨੇ ਪ੍ਰਾਪਤ ਕੀਤਾ ਅਤੇ ਇਸੇ ਸਕੂਲ ਦੇ ਅਰਪਿਤ ਕੋਹਲੀ ਨੇ 88.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ । ਇਸ ਦੌਰਾਨ ਆਈਸੀਐਸਈ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹੇ ਵਿੱਚ ਦੂਜਾ ਸਥਾਨ ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਕਾਸ਼ਵੀ ਮਿੱਤਲ ਨੇ ਹਾਸਲ ਕੀਤਾ, ਜਿਸ ਨੇ 98.6 ਫੀਸਦੀ ਅੰਕ ਪ੍ਰਾਪਤ ਕੀਤੇ। ਇਸੇ ਸਕੂਲ ਦੀ ਗੀਤਾਲੀ ਧੀਰ ਨੇ 98.2 ਫੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ।