For the best experience, open
https://m.punjabitribuneonline.com
on your mobile browser.
Advertisement

ਕੁਲਰੀਆਂ ਦੇ ਆਬਾਦਕਾਰਾਂ ਨੂੰ ਹੱਕ ਦਿਵਾਉਣ ਲਈ ਵਿਧਾਇਕਾਂ ਦਾ ਘਿਰਾਓ

08:02 AM Feb 13, 2024 IST
ਕੁਲਰੀਆਂ ਦੇ ਆਬਾਦਕਾਰਾਂ ਨੂੰ ਹੱਕ ਦਿਵਾਉਣ ਲਈ ਵਿਧਾਇਕਾਂ ਦਾ ਘਿਰਾਓ
ਵਿਧਾਇਕਾ ਸਰਵਜੀਤ ਕੌਰ ਮਣੂੰਕੇ ਦੇ ਪਤੀ ਨੂੰ ਮੰਗ-ਪੱਤਰ ਸੌਂਪਦੇ ਕਿਸਾਨ ਨੁਮਾਇੰਦੇ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਸਥਾਨਕ ਗ੍ਰਹਿ ਮੂਹਰੇ ਰੋਹ ਭਰਪੂਰ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਇਸ ਮੌਕੇ ਕੁਲਰੀਆਂ ਦੇ ਆਬਾਦਕਾਰਾਂ ਨੂੰ ਜ਼ਮੀਨੀ ਹੱਕ ਦੇਣ ਦੀ ਮੰਗ ਕੀਤੀ। ਦੋ ਘੰਟੇ ਤਕ ਦਿੱਤੇ ਗਏ ਧਰਨੇ ’ਚ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਕਿਸਾਨਾਂ ਨੇ ਮੁਰੱਬੇਬੰਦੀ ਤੋਂ ਬਾਅਦ ਜਦੋਂ ਆਪਣੀ ਘਟਦੀ ਜ਼ਮੀਨ ਪੂਰੀ ਕਰਨ ਲਈ ਅਪੀਲਾਂ ਕੀਤੀਆਂ ਤਾਂ ਪੰਜਾਬ ਦੇ ਹੋਰਨਾਂ ਪਿੰਡਾਂ ਵਾਂਗ ਮੁਰੱਬਾਬੰਦੀ ਵਿਭਾਗ ਨੇ ਸਾਲ 1969 ਦੌਰਾਨ ਪਿੰਡ ਕੁਲਰੀਆਂ ਦੀ 399 ਕਨਾਲ 18 ਮਰਲੇ ਜ਼ਮੀਨ ਜੁਮਲਾ ਮੁਸ਼ੱਤਰਕਾ ਮਾਲਕਾਨ ’ਚੋਂ ਕੱਢ ਕੇ ਮਾਲਕ ਕਿਸਾਨਾਂ ਨੂੰ ਮੁੜ ਅਲਾਟ ਕਰ ਕੇ ਉਨ੍ਹਾਂ ਦੇ ਟੱਕਾਂ ’ਚ ਪਾ ਦਿੱਤੀ। ਇਸ ਬਾਰੇ ਪੰਚਾਇਤ ਨੇ ਵੀ ਪ੍ਰੋੜਤਾ ਲਈ ਮਤਾ ਪਾਸ ਕਰ ਦਿੱਤਾ। ਉਸ ਸਮੇਂ ਤੋਂ ਹੀ ਕਿਸਾਨ ਇਸ ਜ਼ਮੀਨ ’ਤੇ ਕਾਬਜ਼ ਹਨ ਤੇ ਕਾਸ਼ਤਕਾਰ ਹਨ। ਲਗਪੱਗ 71 ਏਕੜ ਜ਼ਮੀਨ ’ਤੇ ਚਾਲੀ ਦੇ ਕਰੀਬ ਕਿਸਾਨ ਖੇਤੀ ਕਰ ਰਹੇ ਹਨ ਪਰ ਸਾਲ 1970 ’ਚ ਚਾਰ ਸਾਲਾ ਰਿਕਾਰਡ ਤਿਆਰ ਕਰਨ ਸਮੇਂ ਪਟਵਾਰੀ ਦੀ ਗਲਤੀ ਨਾਲ ਇਸ ਜ਼ਮੀਨ ਦੀ ਮਾਲਕੀ ਪੰਚਾਇਤ ਦੇ ਨਾਂ ਕਰ ਦਿੱਤੀ ਜਿਸ ਖ਼ਿਲਾਫ਼ ਕਿਸਾਨਾ ਵੱਲੋਂ ਅਰਜ਼ੀਆਂ ਦੇਣ ਤੇ ਪਟਵਾਰੀ ਵੱਲੋਂ ਮਾਮਲਾ ਦਰੁਸਤੀ ਲਈ ਤਹਿਸੀਲਦਾਰ ਬਰੇਟਾ ਨੂੰ ਭੇਜਿਆ ਹੋਇਆ ਹੈ। ਪਰ ਹਕੂਮਤੀ ਪਾਰਟੀ ਦੀ ਸ਼ਹਿ ’ਤੇ ਪਿੰਡ ਦੇ ਸਰਪੰਚ ਵੱਲੋਂ ਭੂ-ਮਾਫੀਆ ਨਾਲ ਗੰਢਤੁੱਪ ਕਰਕੇ ਆਬਾਦਕਾਰ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਇਸ ਦੌਰਾਨ ਉਲਟਾ ਕਿਸਾਨ ਆਗੂਆਂ ’ਤੇ ਪਰਚਾ ਦਰਜ ਕਰ ਦਿੱਤਾ ਗਿਆ। ਇਹ ਝੂਠੇ ਪਰਚੇ ਰੱਦ ਕਰਾਉਣ ਅਤੇ ਸਬੰਧਤ ਮੰਗਾਂ ਲਈ ਬੁਢਲਾਡਾ ਡੀਐੱਸਪੀ ਦਫ਼ਤਰ ਮੂਹਰੇ 34 ਦਿਨ ਤੋਂ ਅਣਮਿੱਥੇ ਸਮੇਂ ਦਾ ਧਰਨਾ ਚੱਲਣ, ਐਸਐਸਪੀ ਮਾਨਸਾ, ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਵਿਸ਼ਵਾਸ਼ ਦਿਵਾਉਣ ਦੇ ਬਾਵਜੂਦ ਮਸਲਾ ਹੱਲ ਨਹੀਂ ਹੋਇਆ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਪਾਲ ਸਿੰਘ ਡੱਲਾ, ਮਨਦੀਪ ਸਿੰਘ ਭੰਮੀਪੁਰਾ, ਜਗਦੇਵ ਸਿੰਘ ਲੰਮੇ ਵੀ ਸੰਬੋਧਨ ਕੀਤਾ। ਜਨਤਕ ਆਗੂ ਕੰਵਲਜੀਤ ਖੰਨਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵੱਲੋ 16 ਫਰਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਪੂਰਾ ਜ਼ੋਰ ਲਾ ਕੇ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਜਗਰਾਉਂ ’ਚ ਮੋਗਾ ਰੋਡ ’ਤੇ ਲਾਲ ਪੈਲੇਸ ਸਿਨੇਮਾ ਦੇ ਸਾਹਮਣੇ ਮੁੱਖ ਮਾਰਗ ਜਾਮ ਕੀਤਾ ਜਾਵੇਗਾ। ਧਰਨੇ ਦੌਰਾਨ ਹਲਕਾ ਵਿਧਾਇਕਾ ਮਾਣੂੰਕੇ ਦੇ ਪਤੀ ਪ੍ਰੋ. ਸੁਖਵਿੰਦਰ ਸੁੱਖੀ ਨੂੰ ਮੰਗ-ਪੱਤਰ ਸੌਂਪਿਆ ਗਿਆ।

Advertisement

ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਘਰ ਅੱਗੇ ਮੁਜ਼ਾਹਰਾ

ਰਾਏਕੋਟ (ਸੰਤੋਖ ਗਿੱਲ): ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਅਬਾਦਕਾਰਾਂ ਲਈ ਮਾਲਕੀ ਹੱਕ ਹਾਸਲ ਕਰਨ ਅਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਲਈ ਭਾਕਿਯੂ ਏਕਤਾ (ਡਕੌਂਦਾ-ਧਨੇਰ) ਦੇ ਵਰਕਰਾਂ ਵੱਲੋਂ ਸੱਤਾਧਾਰੀ ਧਿਰ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਘਰ ਸਾਹਮਣੇ ਧਰਨਾ ਦਿੱਤਾ ਗਿਆ। ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂੜਕੋਟ ਦੀ ਅਗਵਾਈ ਹੇਠ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪਿੰਡ ਕੁਲਰੀਆਂ ਦੇ ਕਿਸਾਨਾਂ ਨੇ ਮੁਰੱਬੇਬੰਦੀ ਤੋਂ ਬਾਅਦ ਜਦੋਂ ਆਪਣੀ ਘਟਦੀ ਜ਼ਮੀਨ ਪੂਰੀ ਕਰਨ ਲਈ ਅਪੀਲਾਂ ਕੀਤੀਆਂ ਤਾਂ ਪੰਜਾਬ ਦੇ ਹੋਰਨਾਂ ਪਿੰਡਾਂ ਵਾਂਗ ਮਾਲ ਵਿਭਾਗ ਨੇ ਸਾਲ 1969 ਵਿੱਚ 399 ਕਨਾਲ 18 ਮਰਲੇ ਜ਼ਮੀਨ ਨੂੰ ਜੁਮਲਾ ਮੁਸ਼ਤਰਕਾ ਮਾਲਕਾਨਾ ਵਿੱਚੋਂ ਕੱਢ ਕੇ ਮਾਲਕ ਕਿਸਾਨਾਂ ਨੂੰ ਮੁੜ ਅਲਾਟ ਕਰ ਦਿੱਤੀ ਗਈ ਸੀ ਅਤੇ ਪੰਚਾਇਤ ਨੇ ਵੀ ਪ੍ਰੋੜ੍ਹਤਾ ਲਈ ਮਤਾ ਪਾਸ ਕਰ ਦਿੱਤਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦਹਾਕਿਆਂ ਤੋਂ ਇਸ ਜ਼ਮੀਨ ’ਤੇ ਕਾਬਜ਼ ਹਨ ਅਤੇ ਕਰੀਬ 71 ਏਕੜ ਜ਼ਮੀਨ ਉਪਰ ਚਾਲੀ ਦੇ ਕਰੀਬ ਕਿਸਾਨ ਕਾਸ਼ਤ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ 1970 ਵਿਚ ਮਾਲ ਰਿਕਾਰਡ ਤਿਆਰ ਕਰਨ ਸਮੇਂ ਪਟਵਾਰੀ ਦੀ ਗ਼ਲਤੀ ਨਾਲ ਜ਼ਮੀਨ ਦੀ ਮਾਲਕੀ ਪੰਚਾਇਤ ਦੇ ਨਾਂ ਦਰਸਾਈ ਗਈ। ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੀ ਸ਼ਹਿ ’ਤੇ ਮਾਫ਼ੀਆ ਵੱਲੋਂ ਆਬਾਦਕਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਡੀਐੱਸਪੀ ਬੁਢਲਾਡਾ ਦੇ ਦਫ਼ਤਰ ਸਾਹਮਣੇ 34 ਦਿਨ ਤੋਂ ਧਰਨਾ ਜਾਰੀ ਹੈ।

Advertisement
Author Image

Advertisement
Advertisement
×