ਜਲ ਸਪਲਾਈ ਇੰਜਨੀਅਰਾਂ ਵੱਲੋਂ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਬੀਹਲਾ ਦੀ ਅਗਵਾਈ ਹੇਠ ਪੰਜਾਬ ਦੇ 13 ਸਰਕਲਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਇੰਜਨੀਅਰਾਂ ਦੀਆਂ ਮੰਨੀਆਂ ਅਤੇ ਹੋਰ ਮੰਗਾਂ ਪੂਰੀਆਂ ਨਾ ਕਰਨ ’ਤੇ ਸਰਕਾਰ ਅਤੇ ਵਿਭਾਗ ਦੀ ਆਲੋਚਨਾ ਕੀਤੀ ਗਈ।
ਜਥੇਬੰਦੀ ਦੇ ਸੂਬਾਈ ਚੇਅਰਮੈਨ ਸੁਖਮਿੰਦਰ ਲਵਲੀ, ਜਨਰਲ ਸਕੱਤਰ ਅਰਵਿੰਦ ਸੈਣੀ ਅਤੇ ਕਮਰਜੀਤ ਮਾਨ ਨੇ ਦੱਸਿਆ ਕਿ ਦੋ ਸਾਲਾਂ ਤੋਂ ਸਹਾਇਕ ਇੰਜਨੀਅਰ ਤੋਂ ਐੱਸਡੀਓ ਅਤੇ ਐੱਸਡੀਓ ਤੋਂ ਐਕਸੀਅਨ ਵਜੋਂ ਕੋਈ ਵੀ ਪਦਉਨਤੀ ਨਹੀਂ ਹੋਈ ਅਤੇ ਨਾ ਹੀ ਪੰਜਾਹ ਤੋਂ ਪਝੱਤਰ ਫ਼ੀਸਦ ਕੀਤੇ ਜਾਣ ਵਾਲੇ ਤਰੱਕੀ ਕੋਟੇ ਸਬੰਧੀ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐੱਸਡੀਓ ਨੂੰ ਸਫ਼ਰੀ ਭੱਤਾ ਦੇਣ ਦੀ ਮੰਗ ਤਾਂ ਪੂਰੀ ਕੀ ਹੋਣੀ ਸੀ, ਸਗੋਂ ਜੂਨੀਅਰ ਇੰਜਨੀਅਰ ਤੋਂ ਖੋਹੇ ਪੈਟਰੋਲ ਭੱਤੇ ਦੀ ਬਹਾਲੀ ਲਈ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ। ਇਥੋਂ ਤੱਕ ਕਿ ਵਿਭਾਗ ਦੇ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ। ਸੂਬਾਈ ਵਿੱਤ ਸਕੱਤਰ ਕਮਰਜੀਤ ਮਾਨ ਦਾ ਕਹਿਣਾ ਸੀ ਕਿ ਪ੍ਰੋਬੇਸ਼ਨ ਕਾਲ ਕਲੀਅਰ ਕਰਨ, ਐੱਸਡੀਓ ਦੀਆਂ ਖੋਹੀਆਂ ਵਿੱਤੀ ਸ਼ਕਤੀਆਂ ਮੁੜ ਬਹਾਲ ਕਰਨ, ਪਦਉਨਤੀ ਲਈ ਸਮਾਂ ਘੱਟ ਕਰਨ ਤੇ ਨਾਨ ਗਜ਼ਟਿਡ ਨਾਲ ਸਬੰਧਤ ਮਸਲੇ ਮੁੱਖ ਦਫਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਸਣੇ ਹੋਰ ਮਸਲਿਆਂ ਦੇ ਹੱਲ ਪ੍ਰਤੀ ਵੀ ਮੈਨੇਜਮੈਂਟ ਸੰਜੀਦਾ ਨਹੀਂ ਹੈ। ਵਿਭਾਗੀ ਮੁਖੀ ਕੀਤੇ ਲਿਖ਼ਤੀ ਵਾਅਦਿਆਂ ਤੋਂ ਮੁਨਕਰ ਹੋ ਗਏ ਹਨ ਜਿਸ ਕਾਰਨ ਇੰਜਨੀਅਰਾਂ ਵਿੱਚ ਰੋਸ ਹੈ।