ਸਾਈਫਰ ਕੇਸ: ਇਮਰਾਨ ਤੇ ਕੁਰੈਸ਼ੀ ਖ਼ਿਲਾਫ਼ ਜੇਲ੍ਹ ’ਚ ਚੱਲੇਗਾ ਮੁਕੱਦਮਾ
ਇਸਲਾਮਾਬਾਦ, 13 ਨਵੰਬਰ
ਪਾਕਿਸਤਾਨ ਦੀ ਅੰਤ੍ਰਿਮ ਸਰਕਾਰ ਨੇ ਸਰਕਾਰੀ ਖੁਫ਼ੀਆ ਦਸਤਾਵੇਜ਼ (ਸਾਈਫਰ) ਲੀਕ ਕਰ ਕੇ ਦੇਸ਼ ਦੇ ਕਾਨੂੰਨ ਦੀ ਉਲੰਘਣ ਕਰਨ ਦੇ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਖ਼ਿਲਾਫ਼ ਜੇਲ੍ਹ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਮਰਾਨ (71) ਅਤੇ ਕੁਰੈਸ਼ੀ (67) ਇਸ ਸਮੇਂ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਇਮਰਾਨ ’ਤੇ ਪਿਛਲੇ ਸਾਲ ਮਾਰਚ ਵਿੱਚ ਵਾਸ਼ਿੰਗਟਨ ਸਥਿਤ ਪਾਕਿਸਤਾਨੀ ਦੂਤਾਵਾਸ ਵੱਲੋਂ ਭੇਜੇ ਗਏ ਇੱਕ ਖੁਫੀਆ ਕੂਟਨੀਤਕ ਦਸਤਾਵੇਜ਼ (ਸਾਈਫਰ) ਨੂੰ ਲੀਕ ਕਰਨ ਦਾ ਦੋਸ਼ ਹੈ। ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਉਨ੍ਹਾਂ ਖ਼ਿਲਾਫ਼ ਇਸ ਸਾਲ ਅਗਸਤ ਵਿੱਚ ਕਾਰਵਾਈ ਸ਼ੁਰੂ ਕੀਤੀ ਸੀ। ਕਾਨੂੰਨ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਕਰ ਕੇ ਇਮਰਾਨ ਤੇ ਕੁਰੈਸ਼ੀ ਖ਼ਿਲਾਫ਼ ਜੇਲ੍ਹ ਵਿੱਚ ਮੁਕੱਦਮਾ ਚਲਾਉਣ ਦਾ ਸਾਰਾਂਸ਼ ਪੇਸ਼ ਕੀਤਾ ਸੀ ਜਿਸ ਨੂੰ ਵਜ਼ਾਰਤ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰਾਲੇ ਨੇ ਇਸ ਸਾਰਾਂਸ਼ ਵਿੱਚ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਇਸ ਕੇਸ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਦੇ ਜੱਜ ਅਬਦੁਲ ਹਸਨਤ ਜ਼ੁਲਕਰਨੈਨ ਦੀ ਬੇਨਤੀ ’ਤੇ 29 ਅਗਸਤ ਨੂੰ ਜੇਲ੍ਹ ਵਿੱਚ ਮੁਕੱਦਮਾ ਚਲਾਉਣ ਸਬੰਧੀ ਇਤਰਾਜ਼ ਨਹੀਂ ਹੈ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਇਹ ਪ੍ਰਵਾਨਗੀ ਅਜਿਹੇ ਸਮੇਂ ਮਿਲੀ ਹੈ, ਜਦੋਂ ਇਸਲਾਮਾਬਾਦ ਹਾਈ ਕੋਰਟ ਭਲਕੇ ਜੇਲ੍ਹ ਵਿੱਚ ਮੁਕੱਦਮਾ ਚਲਾਉਣ ਖ਼ਿਲਾਫ਼ ਇਮਰਾਨ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਕਰੇਗੀ। ਖਾਨ 26 ਸਤੰਬਰ ਤੋਂ ਇਸ ਜੇਲ੍ਹ ਵਿੱਚ ਬੰਦ ਹਨ। ਇਸ ਦੌਰਾਨ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਅਲ ਕਾਦਿਰ ਟਰੱਸਟ ਅਤੇ ਤੋਸ਼ਾਖਾਨਾ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। -ਪੀਟੀਆਈ