ਸੀਆਈਏ ਸਟਾਫ ਵੱਲੋਂ ਦੋ ਸੌ ਕਿੱਲੋ ਭੁੱਕੀ ਤੇ ਪੰਜ ਕਿੱਲੋ ਅਫ਼ੀਮ ਬਰਾਮਦ
ਰਤਨ ਸਿੰਘ ਢਿੱਲੋਂ
ਅੰਬਾਲਾ, 23 ਨਵੰਬਰ
ਸੀਆਈਏ-1 ਅੰਬਾਲਾ ਦੀ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਜਗਤਾਰ ਸਿੰਘ ਵਾਸੀ ਵਾਰਡ ਨੰਬਰ 14, ਪੀਰ ਕਲੋਨੀ ਕੁਰਾਲੀ ਅਤੇ ਲਖਮੀਰ ਸਿੰਘ ਵਾਸੀ ਤੋਲਾਮਾਜਰਾ (ਖਰੜ) ਨੂੰ 25 ਲੱਖ ਰੁਪਏ ਮੁੱਲ ਦੀ 199 ਕਿੱਲੋ 980 ਗਰਾਮ ਭੁੱਕੀ ਅਤੇ 5 ਕਿੱਲੋ ਅਫ਼ੀਮ ਤੇ ਟਰੱਕ ਸਣੇ ਕਾਬੂ ਕਰ ਕੇ ਥਾਣਾ ਪੜਾਓ ਵਿਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਅਤੇ ਅਦਾਲਤ ਨੇ ਮੁਲਜ਼ਮਾਂ ਨੂੰ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਨਸ਼ੀਲੇ ਪਦਾਰਥ ਬਿਹਾਰ ਤੋਂ ਲੈ ਕੇ ਆਏ ਹਨ।
ਸੀਆਈਏ-1 ਅੰਬਾਲਾ ਨੂੰ ਸੂਚਨਾ ਮਿਲੀ ਸੀ ਕਿ ਕੁਝ ਜਣੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਅਤੇ ਟਰੱਕ ’ਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਲੈ ਕੇ ਦਿੱਲੀ ਵਾਲੇ ਪਾਸੇ ਤੋਂ ਅੰਬਾਲਾ ਛਾਉਣੀ ਰਾਹੀਂ ਪੰਜਾਬ ਵੱਲ ਜਾਣਗੇ। ਸੂਚਨਾ ਦੇ ਬਾਅਦ ਪੁਲੀਸ ਨੇ ਕੌਮੀ ਮਾਰਗ-44 ਤੇ ਨਾਕਾਬੰਦੀ ਕੀਤੀ ਅਤੇ ਸ਼ੱਕੀ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਉਸ ਵਿਚੋਂ 199 ਕਿੱਲੋ 980 ਗਰਾਮ ਭੁੱਕੀ ਅਤੇ 5 ਕਿੱਲੋ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜਗਤਾਰ ਸਿੰਘ ਵਾਸੀ ਵਾਰਡ ਨੰਬਰ 14 ਪੀਰ ਕਲੋਨੀ ਕੁਰਾਲੀ ਅਤੇ ਲਖਮੀਰ ਸਿੰਘ ਵਾਸੀ ਤੋਲਾਮਾਜਰਾ ਵਜੋਂ ਹੋਈ ਹੈ।