ਸੀਆਈਏ ਵੱਲੋਂ ਨਾਜਾਇਜ਼ ਅਸਲੇ ਸਮੇਤ ਦੋ ਕਾਬੂ
ਪਰਮਜੀਤ ਸਿੰਘ
ਫਾਜ਼ਿਲਕਾ, 12 ਨਵੰਬਰ
ਐੱਸਐੱਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇੰਸਪੈਕਟਰ ਰੁਪਿੰਦਰ ਸਿੰਘ ਇੰਚਾਰਜ ਸੀਆਈਏ-2 ਸਮੇਤ ਪੁਲੀਸ ਪਾਰਟੀ ਗਸ਼ਤ ਅਤੇ ਸ਼ੱਕੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਮਲੋਟ ਚੌਕ ਅਬੋਹਰ ਨੇੜੇ ਮੌਜੂਦ ਸੀ। ਇਸ ਦੌਰਾਨ ਗੁਰਜੀਤ ਸਿੰਘ ਉਰਫ ਜੀਤਾ ਵਾਸੀ ਰਾਣੀ ਵਾਲਾ ਹਾਲ ਆਬਾਦ ਵਰਿਆਮ ਨਗਰ ਅਬੋਹਰ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਬਾਹਰਲੇ ਰਾਜਾਂ ਤੋਂ ਨਾਜਾਇਜ਼ ਅਸਲਾ ਲਿਆ ਕੇ ਵੇਚਦਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ-1 ਅਬੋਹਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਮੁਲਜ਼ਮ ਪਾਸੋਂ ਇੱਕ ਪਿਸਟਲ 30 ਬੋਰ ਸਮੇਤ ਮੈਗਜ਼ੀਨ, ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 8 ਜਿੰਦਾ ਰੌਂਦ ਬਰਾਮਦ ਕੀਤੇ ਗਏੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮ ਪਾਸੋਂ ਸਖਤੀ ਨਾਲ ਪੁੱਛ-ਪੜਤਾਲ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਜੀਤ ਸਿੰਘ ਉਕਤ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ। ਮੁਲਜ਼ਮ ਤੋਂ ਇਲਾਵਾ ਇਸ ਮੁਕੱਦਮਾ ਵਿੱਚ ਅਕਾਸ਼ ਉਰਫ ਗੋਲੂ ਪੰਡਿਤ ਪੁੱਤਰ ਅਵਨੀਸ਼ ਤਿਵਾੜੀ ਵਾਸੀ ਅਬੋਹਰ ਨੂੰ ਨਾਮਜ਼ਦ ਕਰਨ ਉਪਰੰਤ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਦੋ ਮੈਗਜ਼ੀਨ ਅਤੇ 11 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਵੱਲੋਂ ਇਸ ਨਾਜਾਇਜ਼ ਅਸਲੇ ਦੀ ਵਰਤੋਂ ਆਪਣੇ ਦੁਸ਼ਮਣਾਂ ਨੂੰ ਮਾਰਨ ਲਈ ਕੀਤੀ ਜਾਣੀ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਅਸਲੇ, ਇਰਾਦਾ ਕਤਲ ਅਤੇ ਐੱਨਡੀਪੀਐੱਸ ਐਕਟ ਤਹਿਤ ਕਈ ਮੁਕੱਦਮੇ ਦਰਜ ਹਨ।