ਸੀਆਈ ਬਠਿੰਡਾ ਨੇ 41 ਕੁਇੰਟਲ ਭੁੱਕੀ ਫੜੀ
ਸ਼ਗਨ ਕਟਾਰੀਆ
ਬਠਿੰਡਾ, 15 ਜੁਲਾਈ
ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਇੱਕ ਕਥਿਤ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਮੱਧ ਪ੍ਰਦੇਸ਼ ਤੋਂ ਕੰਟੇਨਰ (ਟਰੱਕ) ਵਿੱਚ ਲਿਆਂਦੀਆਂ ਜਾ ਰਹੀਆਂ 210 ਬੋਰੀਆਂ ’ਚ ਭਰੀ 41 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਦੱਸਿਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਨਸ਼ਾ ਤਸਕਰ ਦੀ ਪਛਾਣ ਸੰਦੀਪ ਸਿੰਘ ਉਰਫ਼ ਕਾਕਾ (ਟਰੱਕ ਡਰਾਈਵਰ) ਵਾਸੀ ਪਿੰਡ ਰਾਏਪੁਰ ਅਰਾਈਆਂ, ਨਕੋਦਰ (ਜਲੰਧਰ) ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਵੱਡੀ ਮਾਤਰਾ ਵਿੱਚ ਭੁੱਕੀ ਬਰਾਮਦ ਕਰਨ ਤੋਂ ਇਲਾਵਾ ਕੰਟੇਨਰ ਨੰਬਰ ਐਨਐਲ 01ਏਬੀ 0377 ਨੂੰ ਵੀ ਜ਼ਬਤ ਕਰ ਲਿਆ ਹੈ। ਗੁਪਤ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲੀਸ ਟੀਮਾਂ ਨੇ ਜ਼ਿਲ੍ਹਾ ਪੁਲੀਸ ਬਠਿੰਡਾ ਨਾਲ ਮਿਲ ਕੇ ਨਾਕਾ ਲਾਇਆ ਅਤੇ ਇੱਕ ਸ਼ੱਕੀ ਕੰਟੇਨਰ ਨੂੰ ਚੈਕਿੰਗ ਲਈ ਰੋਕਿਆ। ਉਨ੍ਹਾਂ ਦੱਸਿਆ ਕਿ ਇਸ ਵਾਹਨ ਦੀ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਉਕਤ ਮਾਤਰਾ ’ਚ ਭੁੱਕੀ ਬਰਾਮਦ ਕੀਤੀ। ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਖੇਪ ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਪਹੁੰਚਾਈ ਜਾਣੀ ਸੀ।
ਏਆਈਜੀ (ਸੀਆਈ) ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗਏ ਨਸ਼ਾ ਤਸਕਰ ਨੇ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਪ੍ਰਤਾਪਗੜ੍ਹ ਤੋਂ ਭੁੱਕੀ ਦੀਆਂ ਅਜਿਹੀਆਂ ਵੱਡੀਆਂ ਖੇਪਾਂ ਪੰਜਾਬ ਪਹੁੰਚਾਉਣ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।