ਕਰੋਨਾਵਾਇਰਸ: ਹੁਸ਼ਿਆਰਪੁਰ ਵਿੱਚ 37 ਨਵੇਂ ਕੇਸ ਆਏ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਅਗਸਤ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 37 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੇਸਾਂ ਵਿੱਚੋਂ 7 ਕੇਸ ਹੁਸ਼ਿਆਰਪੁਰ ਦੇ ਸੁਭਾਸ਼ ਨਗਰ, ਸਰੂਪ ਨਗਰ, ਸਿਵਲ ਲਾਈਨ ਅਤੇ ਅਸਲਾਮਾਬਾਦ ਤੋਂ, 5 ਕੇਸ ਗੜ੍ਹਸ਼ੰਕਰ ਤੋਂ, 6 ਕੇਸ ਮੁਕੇਰੀਆਂ, ਚਾਰ ਕੇਸ ਦਸੂਹਾ, ਸੱਤ ਕੇਸ ਬੁੱਢਾਬੜ, ਦੋ ਨਿਹਾਲਪੁਰ ਅਤੇ ਇਕ-ਇਕ ਝਿੰਗੜ ਕਲਾਂ, ਹਰਿਆਣਾ, ਨੂਰਪੁਰ, ਮਹਿਤਪੁਰ, ਮੰਡ ਪਿੰਡ ਅਤੇ ਟਾਂਡਾ ਨਾਲ ਸਬੰਧਤ ਹਨ।
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ 1254 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 973 ਹੋ ਗਈ ਹੈ। ਇਸ ਵੇਲੇ 186 ਕੇਸ ਐਕਟਿਵ ਹਨ ਜਦੋਂਕਿ 761 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ (ਯੋਜਨਾ) ਜਸਪਾਲ ਸਿੰਘ ਨੇ ਅੱਜ ਇੱਥੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ-19 ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ’ਚ ਅੱਜ ਕਰੋਨਾਵਾਇਰਸ ਦੇ 10 ਨਵੇਂ ਕੇਸ ਸਾਹਮਣੇ ਆਏ ਹਨ। ਐੱਸਐੱਮਓ ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਕਰੋਨਾਵਾਇਰਸ ਪਾਜ਼ੇਟਿਵ ਆਉਣ ਵਾਲਿਆਂ ’ਚ ਇੱਕ ਨਗਰ ਨਿਗਮ ਦਾ ਸਾਬਕਾ ਸੀਨੀਅਰ ਡਿਪਟੀ ਮੇਅਰ ਵੀ ਸ਼ਾਮਲ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੋਵਿਡ-19 ਮਹਾਮਾਰੀ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਨਿਗਰਾਨੀ ਲਈ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਸਿਵਲ ਅਧਿਕਾਰੀਆਂ ਅਤੇ ਡਾਕਟਰਾਂ ਦੀਆਂ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਟੀਮਾਂ ਕੋਵਿਡ ਦਾ ਟੈਸਟ ਕਰਨ ਵਾਲੀਆਂ ਪ੍ਰਾਈਵੇਟ ਲੈਬਾਰਟਰੀਆਂ ਦੀ ਰੋਜ਼ਾਨਾ ਜਾਂਚ ਕਰ ਕੇ ਪਾਜ਼ੇਟਿਵ ਅਤੇ ਨੈਗੇਟਿਵ ਆਏ ਲੋਕਾਂ ਸਬੰਧੀ ਰਿਪੋਰਟ ਸੌਂਪਣਗੀਆਂ।
ਮਹਾਮਾਰੀ ਦਾ ਫੈਲਾਅ ਰੋਕਣ ਲਈ ਨਵੇਂ ਹੁਕਮ ਜਾਰੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਜਲੰਧਰ-ਕਮ-ਜ਼ਿਲ੍ਹਾ ਮੈਜਿਸਟਰੇਟ ਘਣਸ਼ਿਆਮ ਥੋਰੀ ਨੇ ਅਨਲੌਕ-3 ਤਹਿਤ 31 ਅਗਸਤ ਤੱਕ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਵਧਦੇ ਕੇਸਾਂ ਕਾਰਨ ਕੁਝ ਨਵੀਆਂ ਬੰਦਿਸ਼ਾਂ ਲਗਾਈਆਂ ਗਈਆਂ ਹਨ ਜਿਸ ਤਹਿਤ ਸ਼ਾਮ 7 ਵਜੇ ਤੋ ਲੈ ਕੇ ਸਵੇਰੇ 5 ਵਜੇ ਤੱਕ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਹੱਦਾਂ ਅੰਦਰ ਕਰਫਿਊ ਰਹੇਗਾ ਅਤੇ ਗੈਰ ਜ਼ਰੂਰੀ ਆਵਾਜਾਈ ਉੱਤੇ ਰੋਕ ਰਹੇਗੀ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ਉੱਪਰ ਵਸਤਾਂ ਦੀ ਆਵਾਜਾਈ, ਬੱਸਾਂ, ਰੇਲ ਗੱਡੀਆਂ ਅਤੇ ਜਹਾਜ਼ਾਂ ਤੋਂ ਉੱਤਰ ਕੇ ਘਰ ਜਾਣ ਵਾਲਿਆਂ ਨੂੰ ਆਵਾਜਾਈ ਦੀ, ਜ਼ਰੂਰੀ ਸੇਵਾਵਾਂ ਤਹਿਤ ਕੰਮ ਕਰਨ ਤੇ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਆਉਣ-ਜਾਣ ਦੀ ਖੁੱਲ੍ਹ ਹੋਵੇਗੀ। ਦੁਕਾਨਾਂ ਤੇ ਮਾਲ ਸ਼ਨਿਚਰਵਾਰ ਤੇ ਐਤਵਾਰ ਨੂੰ ਬੰਦ ਰਹਿਣਗੇ।
ਫ਼ਤਹਿਗੜ੍ਹ ਚੂੜੀਆਂ (ਹਰਰਪਾਲ ਸਿੰਘ ਨਾਗਰਾ): ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ 21 ਅਗਸਤ ਨੂੰ ਸ਼ਾਮ 7 ਵਜੇ ਤੋਂ 25 ਅਗਸਤ ਤੱਕ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਕਰਫਿਊ ਸਾਰੇ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਵਿੱਚ ਲਾਗੂ ਹੋਵੇਗਾ ਅਤੇ ਇਸ ਦੌਰਾਨ ਸਾਰੀਆਂ ਦੁਕਾਨਾਂ, ਬਜ਼ਾਰ, ਵਪਾਰਕ ਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ।