ਈਸਾਈ ਤੇ ਦਲਿਤ ਸੰਗਠਨਾਂ ਨੇ ਮਨੀਪੁਰ ਹਿੰਸਾ ਖ਼ਿਲਾਫ਼ ਪੰਜਾਬ ਬੰਦ ਸੱਦੇ ਦੌਰਾਨ ਪ੍ਰਦਰਸ਼ਨ ਕੀਤੇ
ਚੰਡੀਗੜ੍ਹ, 9 ਅਗਸਤ
ਕਈ ਈਸਾਈ ਅਤੇ ਦਲਿਤ ਸੰਗਠਨਾਂ ਨੇ ਮਨੀਪੁਰ ਹਿੰਸਾ ਖ਼ਿਲਾਫ਼ ਅੱਜ 'ਪੰਜਾਬ ਬੰਦ' ਦੇ ਸੱਦੇ ਵਜੋਂ ਹਿੱਸੇ ਵਜੋਂ ਪਟਿਆਲਾ, ਜਲੰਧਰ, ਫਿਰੋਜ਼ਪੁਰ ਅਤੇ ਮੋਗਾ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ। ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਦੁਕਾਨਾਂ ਬੰਦ ਰਹੀਆਂ।
ਜਲੰਧਰ(ਹਤਿੰਦਰ ਮਹਿਤਾ): ਪੰਜਾਬ ਬੰਦ ਦੇ ਸੱਦੇ ਕਾਰਨ ਜਲੰਧਰ ਜ਼ਿਲ੍ਹਾ ਪੂਰਨ ਤੌਰ’ਤੇ ਬੰਦ ਰਿਹਾ। ੲਂਸਾਈ ਭਾਈਚਾਰੇ ਅਤੇ ਹੋਰ ਸਗਠਨਾਂ ਵਲੋਂ ਪੀਏਪੀ ਚੌਕ, ਅੰਬੇਡਰ ਚੌਕ, ਭਗਵਾਨ ਵਾਲਮੀਕ ਚੌਕ, ਰਵੀਦਾਸ ਚੌਕ, ਕਪੂਰਥਲਾ ਚੌਕ, ਰਾਮਾਂਮੰਡੀ ਚੌਕ, ਆਦਮਪੁਰ ਨਹਿਰ ਵਾਲਾ ਪੁਲ, ਅਲਾਵਲਪੁਰ ਸਮੇਤ ਹੋਰ ਚੌਕਾਂ ਵਿਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਨਿੱਜੀ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਆਵਾਜਾਈ ਠੱਪ ਹੋਣ ਕਰਕੇ ਆਮ ਲੋਕਾਂ ਨੂੰ ਆਪਣੀ ਮੰਜਿਲ ’ਤੇ ਪਹੁੰਚਣ ਲਈ ਪ੍ਰੇਸ਼ਾਨੀ ਹੋਈ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪੰਜਾਬ ਬੰਦ ਦੇ ਸੱਦੇ ਨੂੰ ਕਾਹਨੂੰਵਾਨ ਖੇਤਰ ਵਿੱਚ ਪੂਰਨ ਸਮਰਥਨ ਮਿਲਿਆ ਹੈ। ਇਸ ਖੇਤਰ ਵਿੱਚ ਪੈਂਦੇ ਕਸਬੇ ਸਠਿਆਲੀ ਪੁਲ, ਚੱਕ ਸ਼ਰੀਫ਼, ਭੈਣੀ ਮੀਆਂ ਖਾਂ, ਤੁਗਲਵਾਲ, ਕੋਟ ਟੋਡਰ ਮੱਲ, ਸੈਦੋਵਾਲ ਖੁਰਦ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਰਹੇ। ਇਸ ਮੌਕੇ ਕਾਹਨੂੰਵਾਨ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਪਾਸਟਰ ਵਿਲੀਅਮ ਸਹੋਤਾ ਦੀ ਅਗਵਾਈ ਵਿੱਚ ਇਕੱਠੇ ਹੋ ਕਿ ਬਾਜ਼ਾਰ ਵਿੱਚ ਮਾਰਚ ਕੀਤਾ ਹੈ। ਇਹ ਮਾਰਚ ਆਰਮੀ ਸਾਲਵੇਸਨ ਚਰਚ ਤੋਂ ਸ਼ੁਰੂ ਹੋ ਕੇ ਸਥਾਨਕ ਬੱਸ ਸਟੈਂਡ ਤੱਕ ਕੀਤਾ ਗਿਆ।
ਇਸ ਮੌਕੇ ਕਸਬੇ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਇਸ ਮੌਕੇ ਡੀਐੱਸਪੀ ਉਂਕਾਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਪੂਰਾ ਦਿਨ ਹਲਕੇ ਅੰਦਰ ਮੁਸਤੈਦ ਰਹੀ। ਇਸ ਮੌਕੇ ਮਾਰਚ ਦੀ ਅਗਵਾਈ ਕਰਨ ਵਿੱਚ ਮੇਜਰ ਰੌਬਿਨ ਮਸੀਹ, ਵੀਲੀਅਮ ਸਹੋਤਾ, ਯਾਕੂਬ ਮਸੀਹ, ਬਲਜਿੰਦਰ, ਪਾਸਟਰ ਵਿਸ਼ਾਲ ਮਸੀਹ ਤੇ ਡੇਵਿਡ ਮਸੀਹ ਸ਼ਾਮਲ ਸਨ।