ਚੋਪੜਾ ਤੇ ਸਾਬਲੇ ਡਾਇਮੰਡ ਲੀਗ ਫਾਈਨਲ ਵਿੱਚ ਚੁਣੌਤੀ ਦੇਣ ਲਈ ਤਿਆਰ
ਬ੍ਰੱਸਲਜ਼, 12 ਸਤੰਬਰ
ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਅਤੇ ਸਟੀਪਲਚੇਜ਼ ਖਿਡਾਰੀ ਅਵਿਨਾਸ਼ ਸਾਬਲੇ ਭਲਕ ਤੋਂ ਇੱਥੇ ਸ਼ੁਰੂ ਹੋ ਰਹੇ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਦੁਨੀਆ ਦੇ ਸਰਬੋਤਮ ਖਿਡਾਰੀਆਂ ਨੂੰ ਚੁਣੌਤੀ ਦੇਣਗੇ। ਡਾਇਮੰਡ ਲੀਗ ਫਾਈਨਲ ਪਹਿਲੀ ਵਾਰ ਦੋ ਦਿਨਾਂ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਓਲੰਪਿਕ ਤਗ਼ਮਾ ਜੇਤੂਆਂ ਸਮੇਤ ਦੁਨੀਆ ਦੇ ਹੋਰ ਸਿਖਰਲੇ ਖਿਡਾਰੀ 32 ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। 3000 ਮੀਟਰ ਸਟੀਪਲਚੇਜ਼ ਵਿੱਚ ਕੌਮੀ ਰਿਕਾਰਡ ਧਾਰਕ ਸਾਬਲੇ ਪੈਰਿਸ ਓਲੰਪਿਕ ’ਚ 11ਵੇਂ ਸਥਾਨ ’ਤੇ ਰਿਹਾ ਸੀ। ਉਹ ਪਹਿਲੀ ਵਾਰ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਨਜ਼ਰ ਆਵੇਗਾ। ਉਸ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਹੈ। ਇਸੇ ਤਰ੍ਹਾਂ ਟੋਕੀਓ ਓਲੰਪਿਕ ’ਚ ਸੋਨੇ ਤੋਂ ਬਾਅਦ ਪੈਰਿਸ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਨੀਰਜ ਸ਼ਨਿਚਰਵਾਰ ਨੂੰ ਮੈਦਾਨ ’ਤੇ ਉਤਰੇਗਾ। ਪਹਿਲੀ ਵਾਰ ਦੋ ਭਾਰਤੀ ਖਿਡਾਰੀ ਡਾਇਮੰਡ ਲੀਗ ਦੇ ਫਾਈਨਲ ਵਿੱਚ ਹਿੱਸਾ ਲੈਣਗੇ।
ਸਾਬਲੇ ਡਾਇਮੰਡ ਲੀਗ ਸੂਚੀ ਵਿੱਚ ਤਿੰਨ ਅੰਕਾਂ ਨਾਲ 14ਵੇਂ ਸਥਾਨ ’ਤੇ ਹੈ। ਕੁੱਝ ਖਿਡਾਰੀਆਂ ਵੱਲੋਂ ਆਪਣੇ ਨਾਮ ਵਾਪਸ ਲਏ ਜਾਣ ਮਗਰੋਂ ਉਸ ਦੀ ਸਿਖਰਲੇ 12 ਵਿੱਚ ਚੋਣ ਹੋਈ। ਦੂਜੇ ਪਾਸੇ ਨੀਰਜ 14 ਅੰਕਾਂ ਨਾਲ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਪਹੁੰਚਿਆ ਹੈ। ਉਹ ਦੋਹਾ ਅਤੇ ਲੁਸਾਨੇ ਵਿੱਚ ਦੂਜੇ ਸਥਾਨ ’ਤੇ ਰਿਹਾ ਸੀ। -ਪੀਟੀਆਈ