ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਚੌਪਰ ਸ਼ਰੈਡਰ ਭੇਟ
ਪੱਤਰ ਪ੍ਰੇਰਕ
ਭਗਤਾ ਭਾਈ, 5 ਨਵੰਬਰ
ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਚਾਨੀ ਐਗਰੋ ਇੰਡਸਟਰੀ ਸਿਰੀਏਵਾਲਾ ਦੇ ਐੱਮਡੀ ਤੇ ਸਟੇਟ ਐਵਾਰਡੀ ਗੁਰਤੇਜ ਸਿੰਘ ਚਾਨੀ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ ਹੋਏ ਇਕ ਸਮਾਗਮ ਦੌਰਾਨ ਪਰਾਲੀ ਦੀ ਸੰਭਾਲ ਲਈ 1 ਲੱਖ 75 ਹਜ਼ਾਰ ਦੀ ਕੀਮਤ ਵਾਲਾ ਚੌਪਰ ਸ਼ਰੈਡਰ ਯੂਨੀਵਰਸਿਟੀ ਨੂੰ ਦਾਨ ਕੀਤਾ ਹੈ। ਵਾਈਸ ਚਾਂਸਲਰ ਡਾ. ਸੰਦੀਪ ਕਾਂਸਲ ਤੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਨੇ ਚਾਨੀ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਚਾਨੀ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤਾਂ ’ਚ ਖੜ੍ਹੇ ਹਰੇ-ਭਰੇ ਦਰੱਖਤ ਤੇ ਮਿੱਤਰ ਕੀੜੇ ਅੱਗ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ‘ਚ ਅਨੇਕਾਂ ਲਾਭਕਾਰੀ ਤੱਤ ਹੁੰਦੇ ਹਨ, ਜਿਸ ਕਾਰਨ ਪਰਾਲੀ ਨੂੰ ਖੇਤ ‘ਚ ਵਾਹ ਕੇ ਇਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਰਾਜੇਸ਼ ਗੁਪਤਾ, ਡਾ. ਕੰਵਲਜੀਤ ਸਿੰਘ ਸੰਧੂ ਤੇ ਖੇਤੀਬਾੜੀ ਵਿਭਾਗ ਦੇ ਮੁਖੀ ਇੰਜੀ. ਜਸਵੀਰ ਸਿੰਘ ਟਿਵਾਣਾ ਹਾਜ਼ਰ ਸਨ।