ਜੇਠ ਦੀ ਗਰਮੀ ਵਿੱਚ ਤਪਣ ਲੱਗਿਆ ‘ਚੋਣ ਪਿੜ’
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਮਈ
ਜੇਠ ਮਹੀਨੇ ਦੀ ਵਧ ਰਹੀ ਗਰਮੀ ਦੇ ਨਾਲ ਹੀ ਸਿਆਸੀ ਚੋਣ ਪਿੜ ਵੀ ਤਪਣ ਲੱਗਿਆ ਹੈ। ਜਿਉਂ-ਜਿਉਂ ਗਰਮੀ ਵਧ ਰਹੀ ਹੈ, ਤਿਉਂ-ਤਿਉਂ ਪਹਿਲੀ ਜੂਨ ਨੇੜੇ ਆਉਣ ਕਾਰਨ ਸਿਆਸੀ ਪਾਰਾ ਵੀ ਚੜ੍ਹ ਰਿਹਾ ਹੈ। ਸੰਗਰੂਰ ਲੋਕ ਸਭਾ ਦੇ ਚੋਣ ਮੈਦਾਨ ’ਚ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਆਪੋ-ਆਪਣੀ ਚੋਣ ਮੁਹਿੰਮ ਲਈ ਤੂਫ਼ਾਨੀ ਦੌਰੇ ਤੇਜ਼ ਕਰ ਦਿੱਤੇ ਹਨ ਅਤੇ ਚੋਣ ਮੁਹਿੰਮ ਨੂੰ ਸਿਖਰ ’ਤੇ ਲਿਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ।
ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਇਲਾਵਾ ਸਵੇਰੇ ਸ਼ਾਮ ਵੋਟਰਾਂ ਦੇ ਜੋੜ-ਤੋੜ ਲਈ ਵੀ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ। ਪਰਦੇ ਪਿੱਛੇ ਕਈ ਆਗੂ ਦੇਰ ਰਾਤ ਗੁਪਤ ਮੀਟਿੰਗਾਂ ਨੂੰ ਤਰਜੀਹ ਦੇ ਰਹੇ ਹਨ ਤਾਂ ਜੋ ਅੰਦਰਖਾਤੇ ਸਿਆਸੀ ਠਿੱਬੀ ਲਗਾਈ ਜਾ ਸਕੇ।
ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਤੇ ਹੋਰ ਸਕੇ ਸਬੰਧੀ ਵੀ ਗਰਮੀ ਨਾਲ ਤਪਦੇ ਚੋਣ ਪਿੜ ’ਚ ਉਤਰਨ ਲਈ ਮਜਬੂਰ ਹਨ।
ਸੰਗਰੂਰ ’ਚ ਪੈਂਦੇ ਨੇ ਤਿੰਨ ਜ਼ਿਲ੍ਹੇ ਤੇ ਨੌਂ ਵਿਧਾਨ ਸਭਾ ਹਲਕੇ
ਸੰਗਰੂਰ ਲੋਕ ਸਭਾ ਹਲਕਾ ਤਿੰਨ ਜ਼ਿਲ੍ਹਿਆਂ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ’ਤੇ ਆਧਾਰਤ ਹੈ ਜਿਸ ਵਿੱਚ ਨੌਂ ਵਿਧਾਨ ਸਭਾ ਹਲਕੇ ਧੂਰੀ, ਸੰਗਰੂਰ, ਸੁਨਾਮ, ਲਹਿਰਾ, ਦਿੜ੍ਹਬਾ, ਮਾਲੇਰਕੋਟਲਾ, ਮਹਿਲ ਕਲਾਂ, ਭਦੌੜ ਅਤੇ ਬਰਨਾਲਾ ਆਉਂਦੇ ਹਨ। ਸੰਗਰੂਰ ਸੰਸਦੀ ਹਲਕੇ ’ਚ ਕੁੱਲ 15 ਲੱਖ 55 ਹਜ਼ਾਰ 327 ਵੋਟਰ ਹਨ। ਭਾਵੇਂ ਚੋਣ ਕਮਿਸ਼ਨ ਵੱਲੋਂ ਇਸ ਵਾਰ 70 ਫੀਸਦੀ ਤੋਂ ਵੱਧ ਵੋਟਿੰਗ ਕਰਾਉਣ ਦਾ ਟੀਚਾ ਮਿਥਿਆ ਹੈ। ਇਸ ਤਰ੍ਹਾਂ ਵੋਟਰਾਂ ਲਈ ਕਹਿਰ ਦੀ ਗਰਮੀ ਵਿੱਚ ਪਹਿਲੀ ਜੂਨ ਨੂੰ ਮਤਦਾਨ ਕਰਨਾ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਅਜਿਹੇ ਹਾਲਾਤ ’ਚ ਕੌਣ ਕਿਸ ’ਤੇ ਭਾਰੂ ਰਹਿੰਦਾ ਹੈ, ਇਹ ਤਾਂ ਸਮਾਂ ਦੱਸੇਗਾ ਪਰ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਪੂਰੀਆਂ ਤਿਆਰੀਆਂ ’ਚ ਜੁਟਿਆ ਹੋਇਆ ਹੈ।