ਵਿਸ਼ਿਆਂ ਦੀ ਚੋਣ: ਪ੍ਰਿੰਸੀਪਲ ਤੇ ਪਾੜ੍ਹਿਆਂ ਦਰਮਿਆਨ ਤਲਖ਼ੀ ਵਧੀ
ਸ਼ਗਨ ਕਟਾਰੀਆ
ਬਠਿੰਡਾ, 29 ਅਗਸਤ
ਵਿਸ਼ਿਆਂ ਦੇ ਸੁਮੇਲ (ਸਬਜੈਕਟ ਕੰਬੀਨੇਸ਼ਨ) ਦੀ ਚੋਣ ਦੇ ਮੁੱਦੇ ’ਤੇ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਦੀ ਪ੍ਰਿੰਸੀਪਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦਰਮਿਆਨ ਤਲਖ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ। ਵਿਦਿਆਰਥੀ ਜਥੇਬੰਦੀ ਵੱਲੋਂ ਅੱਜ ਤੋਂ ਕਾਲਜ ਵਿੱਚ ਬੇਮਿਆਦੀ ਮੋਰਚਾ ਸ਼ੁਰੂ ਕਰਨ ਦਾ ਪ੍ਰੋਗਰਾਮ ਸੀ ਪਰ ਪੁਲੀਸ ਪ੍ਰਸ਼ਾਸਨ ਨੇ ਵਿੱਚ ਪੈ ਕੇ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਨੇ ਅੱਜ ਕਾਲਜ ’ਚ ਰੈਲੀ ਅਤੇ ਰੋਸ ਮਾਰਚ ਕਰਕੇ ਪ੍ਰਿੰਸੀਪਲ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ। ਪੀਐੱਸਯੂ ਦੇ ਆਗੂ ਰਾਜਿੰਦਰ ਸਿੰਘ, ਪਾਇਲ ਅਰੋੜਾ, ਪ੍ਰਦੀਪ ਗੋਨਿਆਣਾ ਅਤੇ ਗੁਰਵਿੰਦਰ ਘੁੰਮਣ ਮੁਤਾਬਕ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਵੱਲੋਂ ਪੀਐੱਸਯੂ ਦੇ ਆਗੂਆਂ ਦੀ ਕਾਲਜ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਈ ਗਈ। ਇਸ ਵਿੱਚ ਵਿਦਿਆਰਥੀ ਆਗੂਆਂ ਵੱਲੋਂ ਤਿਆਰ ਕੀਤੇ ਸਬਜੈਕਟ ਕੰਬੀਨੇਸ਼ਨ ਭਰਵਾਉਣ ਦੀ ਮੰਗ ਮੰਨ ਲਈ ਗਈ, ਜਦਕਿ ਪ੍ਰਿੰਸੀਪਲ ਦੀ ਬਦਲੀ ਦੀ ਮੰਗ ਸਬੰਧੀ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਨਾਲ ਜਲਦੀ ਹੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਗੱਲਬਾਤ ਲਈ ਕਈ ਵਾਰ ਸੱਦਾ ਭੇਜਿਆ: ਪ੍ਰਿੰਸੀਪਲ
ਪ੍ਰਿੰਸੀਪਲ ਡਾ. ਜਯੋਤਸਨਾ ਅਨੁਸਾਰ ਗੱਲਬਾਤ ਰਾਹੀਂ ਸਾਰਥਿਕ ਸਿੱਟੇ ’ਤੇ ਪਹੁੰਚਣ ਲਈ ਉਹ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਕਈ ਵਾਰ ਸੱਦਾ ਭੇਜ ਚੁੱਕੇ ਹਨ ਪਰ ਵਿਦਿਆਰਥੀ ਹਰ ਵਾਰ ਸੱਦੇ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹਨ। ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਸਿਰਫ 20 ਕੁ ਵਿਦਿਆਰਥੀ ਹੀ ਰਹਿ ਗਏ ਹਨ, ਜਦਕਿ ਬਾਕੀ ਆਪਣੇ ਵਿਸ਼ਿਆਂ ਦੀ ਚੋਣ ਬਾਰੇ ਫੈਸਲਾ ਲੈ ਚੁੱਕੇ ਹਨ।