ਚਿਰੰਜੀਵੀ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ
ਹੈਦਰਾਬਾਦ, 22 ਸਤੰਬਰ
ਮੈਗਾਸਟਾਰ ਕੇ ਚਿਰੰਜੀਵੀ ਨੇ ਸਰਵੋਤਮ ਫਿਲਮ ਅਦਾਕਾਰ ਵਜੋਂ ਗਿੰਨੀਜ਼ ਵਰਲਡ ਰਿਕਾਰਡ ਵਿਚ ਨਾਂ ਦਰਜ ਕਰਵਾਇਆ ਹੈ। ਚਿਰੰਜੀਵੀ ਨੇ 45 ਸਾਲਾਂ ਵਿੱਚ ਆਪਣੀਆਂ 156 ਫਿਲਮਾਂ ਵਿੱਚ 537 ਗੀਤਾਂ ਵਿੱਚ 24,000 ਡਾਂਸ ਸਟੈਪ ਕੀਤੇ ਹਨ। ਇਸ ਅਦਾਕਾਰ ਨੂੰ ਅੱਜ ਹੈਦਰਾਬਾਦ ਵਿਚ ਇਸ ਵੱਕਾਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ਬੌਲੀਵੁੱਡ ਦੇ ਉੱਘੇ ਅਦਾਕਾਰ ਆਮਿਰ ਖਾਨ ਤੇ ਗਿੰਨੀਜ਼ ਵਰਲਡ ਰਿਕਾਰਡ ਦੇ ਪ੍ਰਤੀਨਿਧ ਨੇ ਚਿਰੰਜੀਵੀ ਨੂੰ ਸਰਟੀਫਿਕੇਟ ਸੌਂਪਿਆ ਜਿਸ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਫਿਲਮ ਉਦਯੋਗ ਦੇ ਅਦਾਕਾਰ ਤੇ ਡਾਂਸਰ ਨੇ ਇਹ ਮਾਣ ਇਸ ਸਾਲ 20 ਸਤੰਬਰ ਨੂੰ ਹਾਸਲ ਕੀਤਾ ਹੈ। ਚਿਰੰਜੀਵੀ ਨੇ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ, ‘ਮੈਂ ਕਦੇ ਗਿੰਨੀਜ਼ ਵਰਲਡ ਰਿਕਾਰਡ ਹਾਸਲ ਕਰਨ ਦੀ ਉਮੀਦ ਨਹੀਂ ਕੀਤੀ ਸੀ, ਇਸ ਸਨਮਾਨ ਲਈ ਸਾਰਿਆਂ ਦਾ ਧੰਨਵਾਦ।’ ਜ਼ਿਕਰਯੋਗ ਹੈ ਕਿ ਚਿਰੰਜੀਵੀ ਨੇ 22 ਸਤੰਬਰ, 1978 ਵਿੱਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਚਿਰੰਜੀਵੀ ਨਾਲ ਮੰਚ ਸਾਂਝਾ ਕਰਨ ਵਾਲੇ ਸੁਪਰਸਟਾਰ ਆਮਿਰ ਖਾਨ ਨੇ ਕਿਹਾ ਕਿ ਉਹ ਚਿਰੰਜੀਵੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਚਿਰੰਜੀਵੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੇਲਗੂ ਲੋਕਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਦਾਕਾਰ ਕੇ ਚਿਰੰਜੀਵੀ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਥਾਂ ਮਿਲੀ ਹੈ। -ਪੀਟੀਆਈ