ਚਿਨਓਟ ਰਜੋਆ ਸਭਾ ਨੇ ਟੁਬੜੀ ਦਾ ਮੇਲਾ ਕਰਵਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਨਵੰਬਰ
ਚਿਨਓਟ ਰਜੋਆ ਸਭਾ ਵੱਲੋਂ ਅੱਜ ਸ਼ਹਿਰ ਵਿੱਚ ਟੁਬੜੀ ਦਾ ਮੇਲਾ ਪ੍ਰਾਚੀਨ ਗਊਸ਼ਾਲਾ ਵਿੱਚ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਕੱਢੀ ਗਈ। ਸਮਾਗਮ ਦੀ ਅਗਵਾਈ ਸੰਸਥਾ ਦੇ ਮੁਖੀ ਸੁਰਿੰਦਰ ਕਪੂਰ ਅਤੇ ਅਸ਼ੋਕ ਮਲਹੋਤਰਾ ਨੇ ਕੀਤੀ। ਇਸ ਦੌਰਾਨ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ। ਮੇਲੇ ਦੌਰਾਨ ਠਾਕੁਰ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਰਵਾਇਤੀ ਢੰਗ ਤੁਲਸੀ ਦਾ ਵਿਆਹ ਕਰਵਾਇਆ ਗਿਆ। ਇਸ ਦੌਰਾਨ ਭਾਮੀਆ ਰੋਡ ਸਥਿਤ ਗਊਸ਼ਾਲਾ ਦੇ ਅੰਦਰ ਬਣੇ ਸੰਸਕ੍ਰਿਤ ਸਕੂਲ ਨੂੰ ਸਾਮਾਨ ਵੀ ਦਿੱਤਾ ਗਿਆ। ਸੰਸਥਾ ਦੇ ਮੁਖੀ ਸੁਰਿੰਦਰ ਕਪੂਰ ਅਤੇ ਅਸ਼ੋਕ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਪਹਿਲਾਂ ਪਾਕਿਸਤਾਨ ਦੇ ਚਿਨਓਟ ਅਤੇ ਰਜੋਆ ਇਲਾਕੇ ਵਿੱਚ ਰਹਿੰਦੇ ਸਨ। ਇਹ ਸਮਾਗਮ ਹਰ ਸਾਲ ਕੱਤਕ ਪੁੰਨਿਆ ਦੇ ਦਿਨ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਇਕਾਦਸ਼ੀ ਸੇਵਾ ਪਰਿਵਾਰ ਤੇ ਅਤੁਲ ਕੁਮਾਰ ਗੋਸਵਾਮੀ ਮਹਾਰਾਜ ਅਤੇ ਆਕਾਸ਼ਦੀਪ ਪਰਿਵਾਰ ਵੱਲੋਂ ਗੁਣਗਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰਜੋਆ ਸਭਾ ਧਰਮਸ਼ਾਲਾ ਸਮਰਾਲਾ ਰੋਡ ਤੋਂ ਸੋਭਾ ਯਾਤਰਾ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਪੁਰਾਤਨ ਗਊਸ਼ਾਲਾ ਪੁੱਜੀ।