Chinmoy Das bail plea reject ਬੰਗਲਾਦੇਸ਼ੀ ਅਦਾਲਤ ਵੱਲੋਂ ਚਿਨਮਯ ਦਾਸ ਦੀ ਜ਼ਮਾਨਤ ਅਰਜ਼ੀ ਮੁੜ ਰੱਦ
ਢਾਕਾ, 11 ਦਸੰਬਰ
ਬੰਗਲਾਦੇਸ਼ੀ ਕੋਰਟ ਨੇ ਹਿੰਦੂ ਧਾਰਮਿਕ ਆਗੂ ਤੇ ਬੰਗਲਾਦੇਸ਼ ਸੰਮਲਿਤ ਸਨਾਤਨ ਜਾਗਰਣ ਜੋਤ ਦੇ ਤਰਜਮਾਨ ਚਿਨਮਯ ਕ੍ਰਿਸ਼ਨ ਦਾਸ ਦੀ ਜ਼ਮਾਨਤ ਅਰਜ਼ੀ ਮੁੜ ਰੱਦ ਕਰ ਦਿੱਤੀ ਹੈ। ਦਾਸ, ਜਿਸ ਨੂੰ ਦੇਸ਼ਧ੍ਰੋਹ ਦੇ ਦੋੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜੇਲ੍ਹ ਵਿਚ ਬੰਦ ਹੈ।
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਚਿੱਟਗਾਂਗ ਦੇ ਮੈਟਰੋਪਾਲਿਟਨ ਸੈਸ਼ਨਜ਼ ਜੱਜ ਮੁਹੰਮਦ ਸੈਫੁਲ ਇਸਲਾਮ, ਜੋ ਵੈਕੇਸ਼ਨ ਉੱਤੇ ਹਨ, ਨੇ ਬੁੱਧਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਕਿ ਦਾਸ ਕੋਲ ਕਿਸੇ ਵਕੀਲ ਦਾ ਲੈਟਰ ਆਫ਼ ਅਟਾਰਨੀ ਨਾ ਹੋਣ ਕਰਕੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾਂਦੀ ਹੈ। ਪਟੀਸ਼ਨ ਉੱਤੇ ਹੁਣ ਅਗਲੀ ਸੁਣਵਾਈ 2 ਜਨਵਰੀ ਨੂੰ ਹੋਵੇਗੀ। ਉਂਝ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਾਸ, ਜੋ ਸ਼ੂਗਰ ਤੇ ਸਾਹ ਨਾਲ ਜੁੜੇ ਰੋਗਾਂ ਨਾਲ ਗ੍ਰਸਤ ਹੈ, ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਟੀਸ਼ਨ ਵਿਚ ਕਿਹਾ ਗਿਆ ਕਿ ਦਾਸ ਦਾ ਵਕੀਲ ਸ਼ੁਭਅਸ਼ੀਸ਼ ਸ਼ਰਮਾ ਸੁਰੱਖਿਆ ਕਾਰਨਾਂ ਕਰਕੇ 3 ਦਸੰਬਰ ਦੀ ਸੁਣਵਾਈ ਮੌਕੇ ਪੇਸ਼ ਨਹੀਂ ਹੋ ਸਕਿਆ। ਇਸ ਕੇਸ ਦੇ ਦੋ ਹੋਰ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਵੀ ਬੁੱਧਵਾਰ ਲਈ ਤਜਵੀਜ਼ਤ ਸੀ, ਪਰ ਵਕੀਲ ਦੀ ਗੈਰਮੌਜੂਦਗੀ ਕਰਕੇ ਨਹੀਂ ਹੋ ਸਕੀ। -ਆਈਏਐੱਨਐੱਸ