ਤਲਵੰਡੀ ਮਾਧੋ ਦਾ ਛਿੰਝ ਮੇਲਾ ਸਮਾਪਤ
ਪੱਤਰ ਪ੍ਰੇਰਕ
ਸ਼ਾਹਕੋਟ, 19 ਅਕਤੂਬਰ
ਤਲਵੰਡੀ ਮਾਧੋ ਦਾ ਸਲਾਨਾ ਛਿੰਝ ਮੇਲਾ ਸਮਾਪਤ ਹੋ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਪਹਿਲਵਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਲੜੀਆਂ ਜਾਣ ਵਾਲੀਆਂ ਕੁਸਤੀਆਂ ਪੰਜਾਬ ਦੀ ਨਿਵੇਕਲੀ ਸ਼ਾਨ ਦਾ ਪ੍ਰਤੀਕ ਹਨ। ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਨੂੰ ਵਿਕਾਸ ਲਈ ਗੋਦ ਲੈਣ। ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਸਰਬਸੰਮਤੀ ਨਾਲ ਚੁਣੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਪਿੰਡ ਭਾਈਚਾਂਰਕ ਸਾਂਝ ਪੈਦਾ ਕਰਨ ਲਈ ਹੋਰਨਾਂ ਪਿੰਡਾਂ ਲਈ ਵੀ ਇਕ ਮਿਸ਼ਾਲ ਬਣ ਚੁੱਕਾ ਹੈ, ਜਿੱਥੇ ਸੀਚੇਵਾਲ ਮਾਡਲ 2 ਸਥਾਪਿਤ ਕੀਤਾ ਹੋਇਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਆਪਸ ਵਿਚ ਪੈਦਾ ਹੋਈ ਸ਼ਰੀਕੇਬਾਜੀ ਤੇ ਪਈ ਫੁੱਟ ਨੂੰ ਖਤਮ ਕਰਨ ਲਈ ਅਜਿਹੇ ਛਿੰਝ ਮੇਲੇ ਸਹਾਇਕ ਹੁੰਦੇ ਹੋਏ ਆਪਸੀ ਭਾਈਚਾਂਰਕ ਸਾਂਝ ਦੀ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਕਰੀਬ 50 ਪਹਿਲਵਾਨਾਂ ਵੱਲੋਂ ਆਪਣੀ ਸਰੀਰਕ ਤਾਕਤ ਦੇ ਜ਼ੌਹਰ ਦਿਖਾਏ ਗਏ।