ਚੀਨੀ ਡੋਰ: ਸੂਹੀਆਂ ਨੂੰ ਇਨਾਮ ਦੇਵੇਗੀ ਸਰਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਪੰਜਾਬ ਵਿੱਚ ਬਸੰਤ ਪੰਚਮੀ ਨੂੰ ਪਤੰਗ ਉਡਾਉਣ ਸਮੇਂ ਚੀਨੀ ਡੋਰ ਤੇ ਸਿੰਥੈਟਿਕ ਡੋਰ ਨਾਲ ਵਾਪਰਨ ਵਾਲੇ ਹਾਦਸਿਆਂ ’ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਪਹਿਲਾਂ ਹੀ ਚੌਕਸ ਹੋ ਗਈ ਹੈ। ਸਰਕਾਰ ਨੇ ਸੂਬੇ ਵਿੱਚ ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੁਲੀਸ ਪ੍ਰਸ਼ਾਸਨ ਨੇ ਚੀਨੀ ਡੋਰ ਵੇਚਣ ਤੇ ਖਰੀਦਣ ਵਾਲਿਆਂ ਵਿਰੁੱਧ ਵੀ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੀਨੀ ਡੋਰ ਵੇਚਣ ਵਾਲਿਆਂ ਦੀ ਸੂਹ ਦੇਣ ਵਾਲਿਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਚੀਨੀ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਵਿਉਂਤਬੰਦੀ ਵੀ ਕਰ ਲਈ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਗ ਨੇ ਕਿਹਾ ਕਿ ਪੰਜਾਬ ਵਿੱਚ ਚੀਨੀ ਡੋਰ ਵੇਚਣ ਤੇ ਖਰੀਦਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਤੱਕ ਦਾ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀ ਸੂਹ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਸਮੇਂ ਚੀਨੀ ਡੋਰ ਦੀ ਵਰਤੋਂ ਕਰਨ ਕਰਕੇ ਵਧੇਰੇ ਵਾਰ ਘਾਤਕ ਹਾਦਸੇ ਵਾਪਰਦੇ ਹਨ, ਜਿਸ ਕਰਕੇ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਇਸ ਲਈ ਚੀਨੀ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੀਨੀ ਡੋਰ ਵੇਚਣ ਤੇ ਵਰਤੋਂ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਤੰਗ ਉਡਾਉਣ ਸਮੇਂ ਚੀਨੀ ਡੋਰ ਜਾਂ ਸਿੰਥੈਟਿਕ ਪਦਾਰਥ ਨਾਲ ਬਣੀ ਡੋਰ ਨਾਲ ਕਈ ਵਾਰ ਹਾਦਸਿਆਂ ਦੌਰਾਨ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਇਸੇ ਕਰਕੇ ਸਰਕਾਰ ਵੱਲੋਂ ਚੀਨੀ ਤੇ ਸਿੰਥੈਟਿਕ ਡੋਰ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਈ ਗਈ ਹੈ।
ਚੀਨੀ ਡੋਰ ’ਚ ਫਸ ਕੇ ਵਿਅਕਤੀ ਜ਼ਖ਼ਮੀ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੇ ਰੇਲਵੇ ਪੁਲ ’ਤੇ ਲਟਕ ਰਹੀ ਚੀਨੀ ਡੋਰ ਦੀ ਲਪੇਟ ਵਿੱਚ ਆ ਕੇ ਅੱਜ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਵਿਕਾਸ ਗੁਪਤਾ ਵਜੋਂ ਹੋਈ ਹੈ। ਵਿਕਾਸ ਗੁਪਤਾ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਮੋਟਰਸਾਈਕਲ ’ਤੇ ਕਿਤੇ ਕੰਮ ਜਾ ਰਿਹਾ ਸੀ, ਜਦੋਂ ਉਹ ਰੇਲਵੇ ਓਵਰਬਰਿੱਜ ਤੋਂ ਲੰਘਣ ਲੱਗਿਆ ਤਾਂ ਚੀਨੀ ਡੋਰ ਦੀ ਲਪੇਟ ਵਿੱਚ ਆ ਗਿਆ। ਉਸ ਨੇ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਘੱਟ ਹੋਣ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਡੋਰ ਕਾਰਨ ਉਸ ਦੇ ਨੱਕ ਅਤੇ ਅੱਖ ਕੋਲ ਚੀਰਾ ਆ ਗਿਆ ਹੈ।