ਚੀਨੀ ਡੋਰ ਨੇ ਸੂਤੀ ਡੋਰ ਦੀ ‘ਗੁੱਡੀ’ ਕੱਟੀ
ਪੱਤਰ ਪ੍ਰੇਰਕ
ਅਜਨਾਲਾ, 13 ਜਨਵਰੀ
ਲੋਹੜੀ ਮੌਕੇ ਅਤੇ ਇਸ ਤੋਂ ਬਾਅਦ ਪਤੰਗਬਾਜ਼ੀ ਦਾ ਸ਼ੌਕ ਰੱਖਣ ਵਾਲਿਆਂ ਵੱਲੋਂ ਕੁਝ ਸਮਾਂ ਪਹਿਲਾਂ ਤਕ ਧਾਗੇ ਵਾਲੀ ਸੂਤੀ ਡੋਰ ਨੂੰ ਹੀ ਪ੍ਰਮੁੱਖਤਾ ਨਾਲ ਖ਼ਰੀਦਿਆ ਜਾਂਦਾ ਸੀ। ਬਾਜ਼ਾਰ ਵਿੱਚ ਜਦੋਂ ਤੋਂ ਚੀਨ ਦੀ ਬਣੀ ਸਿੰਥੈਟਿਕ ਡੋਰ ਆ ਗਈ ਹੈ, ਇਸ ਨੇ ਜਿੱਥੇ ਸੂਤੀ ਡੋਰ ਬਣਾਉਣ ਵਿੱਚ ਲੱਗੇ ਲੋਕਾਂ ਦੇ ਰੁਜ਼ਗਾਰ ਨੂੰ ਠੱਪ ਕਰ ਦਿੱਤਾ ਹੈ ਉੱਥੇ ਹੀ ਮਨੁੱਖਾਂ ਅਤੇ ਪਸ਼ੂ-ਪੰਛੀਆਂ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਸੂਤੀ ਡੋਰ ਦੇ ਖ਼ਰੀਦਦਾਰਾਂ ਦੀ ਘਾਟ ਹੋਣ ਕਾਰਨ ਧਾਗੇ ਦੀ ਡੋਰ ਬਣਾ ਕੇ ਵੇਚਣ ਵਾਲਿਆਂ ਦੇ ਕਾਰੋਬਾਰ ਨੂੰ ਵੀ ਵੱਡੀ ਸੱਟ ਵੱਜੀ ਹੈ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਦੁਕਾਨਦਾਰਾਂ ਨੂੰ ਚੀਨੀ ਡੋਰ ਨਾ ਵੇਚਣ ਅਤੇ ਫੜੇ ਜਾਣ ’ਤੇ ਕਾਨੂੰਨੀ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਇਹ ਇਸ ਮਾਰੂ ਡੋਰ ਦੀ ਵਿਕਰੀ ਰੋਕਣ ਲਈ ਨਾਕਾਫ਼ੀ ਸਾਬਿਤ ਹੁੰਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਲੋਕ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾ ਕੇ ਆਪਣੀਆਂ ਦੁਕਾਨਾਂ ਤੋਂ ਬਾਹਰ ਕਿਸੇ ਜਗ੍ਹਾ ’ਤੇ ਗਾਹਕਾਂ ਨੂੰ ਇਹ ਪਾਬੰਦੀਸ਼ੁਦਾ ਡੋਰ ਵੇਚ ਰਹੇ ਹਨ। ਅਜਨਾਲਾ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਚੀਨੀ ਡੋਰ ਹੁਣ ਦੁਕਾਨਾਂ ਦੀ ਬਜਾਇ ‘ਬਾਹਰ’ ਹੀ ਵਿਕਦੀ ਹੈ।
ਸ਼ਹਿਰ ਵਿੱਚ ਧਾਗੇ ਦੀ ਡੋਰ ਬਣਾਉਣ ਦਾ ਕਾਰੋਬਾਰ ਕਰਦੇ ਕਿਰਤੀ ਜਸਵਿੰਦਰ ਜੱਸ ਨੇ ਦੱਸਿਆ ਕਿ ਪਹਿਲਾਂ ਜਦੋਂ ਚੀਨੀ ਡੋਰ ਬਾਜ਼ਾਰ ਵਿੱਚ ਨਹੀਂ ਸੀ ਆਈ ਤਾਂ ਉਸ ਸਮੇਂ ਉਨ੍ਹਾਂ ਦਾ ਕਾਰੋਬਾਰ 3 ਤੋਂ 4 ਮਹੀਨੇ ਚੱਲਦਾ ਸੀ ਜੋ ਹੁਣ ਸਿਰਫ਼ 15-20 ਦਿਨ ਤਕ ਹੀ ਸਿਮਟ ਗਿਆ ਹੈ। ਉਸ ਨੇ ਦੱਸਿਆ ਕਿ ਇਸ ਕਾਰੋਬਾਰ ਵਿੱਚ ਲੱਗੇ ਲੋਕਾਂ ਦੇ ਰੁਜ਼ਗਾਰ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਦੱਸਿਆ ਕਿ ਬੇਹੱਦ ਮਜ਼ਬੂਤੀ ਕਾਰਨ ਚੀਨੀ ਡੋਰ ਪਤੰਗਬਾਜ਼ਾਂ ਲਈ ਪਹਿਲੀ ਪਸੰਦ ਬਣ ਗਈ ਹੈ।
ਇਸ ਬਾਰੇ ਸਮਾਜ ਸੇਵੀ ਪਰਮ ਸੰਧੂ ਨੇ ਦੱਸਿਆ ਕਿ ਇਸ ਲੋਹੜੀ ਦੇ ਤਿਉਹਾਰ ਮੌਕੇ ਚੀਨੀ ਡੋਰ ਨਾਲ ਪਤੰਗਾਂ ਉੱਡਣ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਡੋਰ ਦੀ ਉਪਲੱਭਧਤਾ ਤੇ ਵਿਕਰੀ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਇਹ ਡੋਰ ਮਨੁੱਖਤਾ ਤੋਂ ਇਲਾਵਾ ਪਸ਼ੂਆਂ ਅਤੇ ਵਾਤਾਵਰਨ ਲਈ ਵੀ ਖ਼ਤਰਨਾਕ ਹੈ। ਇਸ ਨਾਲ ਹਰ ਸਾਲ ਕਈ ਜਾਨਾਂ ਤਕ ਜਾਂਦੀਆਂ ਹਨ।