ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਦੀ ਅੜੀ

06:16 AM Sep 26, 2023 IST

ਚੀਨ ਦੇ ਅੜੀਅਲ ਰਵੱਈਏ ਦਾ ਪਰਛਾਵਾਂ ਹਾਂਗਜ਼ੂ ਏਸ਼ੀਆਈ ਖੇਡਾਂ ਉੱਤੇ ਵੀ ਪਿਆ ਹੈ ਅਤੇ ਅਰੁਣਾਚਲ ਪ੍ਰਦੇਸ਼ ਨਾਲ ਸਬੰਧਿਤ ਵੁਸ਼ੂ ਖੇਡ ਖੇਡਣ ਵਾਲੀਆਂ ਤਿੰਨ ਖਿਡਾਰਨਾਂ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੀਆਂ। ਇਨ੍ਹਾਂ ਖਿਡਾਰਨਾਂ ਦੀ ਖੇਡਾਂ ਵਿਚ ਸ਼ਮੂਲੀਅਤ ਨੂੰ ਭਾਵੇਂ ਏਸਿ਼ਆਈ ਖੇਡ ਪ੍ਰਬੰਧਕੀ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਸੀ ਪਰ ਉਨ੍ਹਾਂ ਨੂੰ ਆਪਣੇ ਮਾਨਤਾ ਕਾਰਡ ਹਾਸਲ ਨਾ ਹੋਏ ਜਿਹੜੇ ਚੀਨ ਵਿਚ ਦਾਖ਼ਲ ਹੋਣ ਲਈ ਵੀਜ਼ੇ ਦਾ ਕੰਮ ਕਰਦੇ ਹਨ। ਚੀਨ ਦੀ ਇਸ ‘ਵਿਤਕਰੇਬਾਜ਼ੀ’ ਉੱਤੇ ਸਖ਼ਤ ਇਤਰਾਜ਼ ਕਰਦਿਆਂ ਅਤੇ ਇਸ ਨੂੰ ਓਲੰਪਿਕ ਚਾਰਟਰ ਦੀ ਖ਼ਿਲਾਫ਼ਵਰਜੀ ਕਰਾਰ ਦਿੰਦਿਆਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੀਤੇ ਹਫ਼ਤੇ ਆਪਣੀ ਹਾਂਗਜ਼ੂ ਫੇਰੀ ਰੱਦ ਕਰ ਦਿੱਤੀ। ਇਸ ਸਬੰਧੀ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਦੇ ਬਿਆਨ– ‘ਚੀਨੀ ਸਰਕਾਰ ਨੇ ਕਦੇ ਵੀ ਅਖੌਤੀ ਅਰੁਣਾਚਲ ਨੂੰ ਮਾਨਤਾ ਨਹੀਂ ਦਿੱਤੀ। ਜ਼ਾਂਗਨਾਨ ਦਾ ਖ਼ਿੱਤਾ ਚੀਨੀ ਇਲਾਕਾ ਹੈ’– ਤੋਂ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਏਸ਼ੀਆ ਦੇ ਇਸ ਮੋਹਰੀ ਖੇਡ ਸਮਾਗਮ ਵਿਚ ਖੇਡ ਭਾਵਨਾ ਨੂੰ ਨਹੀਂ ਸਗੋਂ ਵਿਵਾਦਗ੍ਰਸਤ ਮੁੱਦਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਚੀਨ ਦੀ ਇਹ ਕਾਰਵਾਈ ਭੜਕਾਊ ਹੈ। ਬੀਤੇ ਜੁਲਾਈ ਮਹੀਨੇ ਭਾਰਤੀ ਵੁਸ਼ੂ ਟੀਮ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਹਿੱਸਾ ਲੈਣ ਲਈ ਚੀਨੀ ਸ਼ਹਿਰ ਚੇਂਗਦੂ ਗਈ ਸੀ; ਉਸ ਸਮੇਂ ਇਨ੍ਹਾਂ ਤਿੰਨ ਖਿਡਾਰਨਾਂ ਨੂੰ ਵੀਜ਼ੇ ਸਾਧਾਰਨ ਕਾਗਜ਼ਾਂ ’ਤੇ ਦਿੱਤੇ ਗਏ ਸਨ; ਅਜਿਹੇ ਕਾਗਜ਼ਾਤ ਨੂੰ ਨੱਥੀ ਕੀਤੇ (stapled visas) ਕਿਹਾ ਜਾਂਦਾ ਹੈ। ਬੀਤੇ ਮਹੀਨੇ ਚੀਨ ਦੇ ਕੁਦਰਤੀ ਵਸੀਲੇ ਮੰਤਰਾਲੇ ਨੇ ਮੁਲਕ ਦੇ ‘ਮਿਆਰੀ ਨਕਸ਼ੇ ਦਾ 2023 ਦਾ ਐਡੀਸ਼ਨ’ ਜਾਰੀ ਕੀਤਾ ਸੀ ਜਿਸ ਵਿਚ ਅਰੁਣਾਚਲ ਪ੍ਰਦੇਸ਼ ਸੂਬੇ ਨੂੰ ਚੀਨ ਦੇ ਹਿੱਸੇ ਵਜੋਂ ਦਿਖਾਇਆ ਗਿਆ ਸੀ।
ਹਾਲ ਹੀ ਵਿਚ ਭਾਰਤ ਦੀ ਮੇਜ਼ਬਾਨੀ ਵਿਚ ਹੋਏ ਜੀ-20 ਸਿਖਰ ਸੰਮੇਲਨ ਬਾਰੇ ਆਪਣੇ ਪਹਿਲੇ ਅਧਿਕਾਰਤ ਪ੍ਰਤੀਕਰਮ ਵਿਚ ਚੀਨ ਨੇ ਕਿਹਾ ਸੀ ਕਿ ਨਵੀਂ ਦਿੱਲੀ ਐਲਾਨਨਾਮੇ ਨੇ ਮੁੜ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਜੀ-20 ‘ਭੂ-ਸਿਆਸੀ ਅਤੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਦਾ ਮੰਚ ਨਹੀਂ’ ਹੈ। ਦੂਜੇ ਪਾਸੇ ਚੀਨ ਏਸਿ਼ਆਈ ਖੇਡਾਂ ਦੇ ਮੰਚ ਦੀ ਇਲਾਕਿਆਂ ਦੇ ਵਿਵਾਦ ਨਾਲ ਜੁੜੇ ਮੁੱਦੇ ਉਛਾਲਣ ਵਾਸਤੇ ਦੁਰਵਰਤੋਂ ਕਰ ਰਿਹਾ ਹੈ। ਰਿਪੋਰਟਾਂ ਹਨ ਭਾਵੇਂ ਅਜਿਹੀਆਂ ਕਿ ਏਸ਼ੀਆ ਓਲੰਪਿਕ ਕੌਂਸਲ ਅਤੇ ਏਸਿ਼ਆਈ ਖੇਡਾਂ ਦੇ ਪ੍ਰਬੰਧਕ ਇਸ ਮਾਮਲੇ ’ਤੇ ਗ਼ੌਰ ਕਰ ਰਹੇ ਹਨ ਪਰ ਇਸ ਸਬੰਧੀ ਪਹਿਲਾਂ ਹੀ ਪੂਰਾ ਨਾ ਹੋ ਸਕਣ ਵਾਲਾ ਨੁਕਸਾਨ ਹੋ ਚੁੱਕਾ ਹੈ। ਤਿੰਨ ਵੁਸ਼ੂ ਖਿਡਾਰਨਾਂ ਨਾਲ ਹੋਏ ਅਜਿਹੇ ਨਾਵਾਜਬ ਸਲੂਕ ਤੋਂ ਮੁੜ ਜ਼ਾਹਿਰ ਹੋ ਜਾਂਦਾ ਹੈ ਕਿ ਚੀਨ ਭਾਰਤ ਨਾਲ ਆਪਣੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਸੰਜੀਦਾ ਨਹੀਂ ਹੈ।

Advertisement

Advertisement