ਚੀਨ ਵੱਲੋਂ ਬ੍ਰਹਮਪੁੱਤਰ ’ਤੇ ਡੈਮ ਬਣਾਉਣ ਦੀ ਯੋਜਨਾ ਸਹੀ ਕਰਾਰ
ਪੇਈਚਿੰਗ, 27 ਦਸੰਬਰ
ਚੀਨ ਨੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ’ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਦੀ ਆਪਣੀ ਯੋਜਨਾ ਦਾ ਬਚਾਅ ਕਰਦੇ ਹੋਏ ਅੱਜ ਕਿਹਾ ਕਿ ਇਸ ਪ੍ਰਾਜੈਕਟ ਨਾਲ ਦੇਸ਼ ਪ੍ਰਭਾਵਿਤ ਨਹੀਂ ਹੋਣਗੇ ਅਤੇ ਦਹਾਕਿਆਂ ਦੇ ਅਧਿਐਨ ਰਾਹੀਂ ਸੁਰੱਖਿਆ ਮੁੱਦਿਆਂ ਦਾ ਹੱਲ ਕੀਤਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ 137 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ ਵਾਲੇ ਇਸ ਪ੍ਰਾਜੈਕਟ ’ਤੇ ਖ਼ਦਸ਼ਿਆਂ ਨੂੰ ਖਾਰਜ ਕੀਤਾ ਹੈ। ਇਹ ਪ੍ਰਾਜੈਕਟ ਵਾਤਾਵਰਨ ਤੌਰ ’ਤੇ ਬੇਹੱਦ ਨਾਜ਼ੁਕ ਹਿਮਾਲਿਆ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ, ਜੋ ਟੈਕਟੋਨਿਕ ਪਲੇਟ ਸਰਹੱਦ ’ਤੇ ਸਥਿਤ ਹੈ, ਜਿੱਥੇ ਅਕਸਰ ਭੂਚਾਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਦਹਾਕਿਆਂ ਤੱਕ ਡੂੰਘਾ ਅਧਿਐਨ ਕੀਤਾ ਹੈ ਅਤੇ ਸੁਰੱਖਿਆ ਉਪਾਅ ਕੀਤੇ ਹਨ। ਮਾਓ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਡੈਮ ਤੋਂ ਜੁੜੀਆਂ ਚਿੰਤਾਵਾਂ ਬਾਰੇ ਪੁੱਛੇ ਸਵਾਲ ’ਤੇ ਕਿਹਾ ਕਿ ਚੀਨ ਹਮੇਸ਼ਾ ਤੋਂ ਸਰਹੱਦ ਪਾਰ ਲੰਘਣ ਵਾਲੀਆਂ ਨਦੀਆਂ ਦੇ ਵਿਕਾਸ ਲਈ ਜ਼ਿੰਮੇਵਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੱਬਤ ਵਿੱਚ ਪਣਬਿਜਲੀ ਵਿਕਾਸ ਦਾ ਦਹਾਕਿਆਂ ਤੋਂ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਪ੍ਰਾਜੈਕਟ ਦੀ ਸੁਰੱਖਿਆ ਤੇ ਵਾਤਾਵਰਨ ਸੁਰੱਖਿਆ ਲਈ ਸੁਰੱਖਿਆ ਉਪਾਅ ਕੀਤੇ ਗਏ ਹਨ।
ਮਾਓ ਨਿੰਗ ਨੇ ਕਿਹਾ ਕਿ ਪ੍ਰਾਜੈਕਟ ਹੇਠਲੇ ਇਲਾਕਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇਸ ਪ੍ਰਾਜੈਕਟ ਨਾਲ ਹੇਠਲੇ ਇਲਾਕਿਆਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਚੀਨ ਮੌਜੂਦਾ ਚੈਨਲ ਰਾਹੀਂ ਹੇਠਲੇ ਇਲਾਕਿਆਂ ਦੇ ਦੇਸ਼ਾਂ ਨਾਲ ਸੰਵਾਦ ਕਾਇਮ ਰੱਖੇਗਾ ਅਤੇ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਦੇ ਫਾਇਦੇ ਵਾਸਤੇ ਆਫ਼ਤ ਰੋਕਥਾਮ ਤੇ ਰਾਹਤ ਬਾਰੇ ਕੌਮਾਂਤਰੀ ਸਹਿਯੋਗ ਨੂੰ ਅੱਗੇ ਵਧਾਏਗਾ। ਚੀਨ ਨੇ ਬੁੱਧਵਾਰ ਨੂੰ ਭਾਰਤੀ ਸਰਹੱਦ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ’ਤੇ ਦੁਨੀਆ ਦੇ ਸਭ ਤੋਂ ਵੱਡੇ ਡੈਮ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬੁਨਿਆਦੀ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ। ਇਸ ਨਾਲ ਭਾਰਤ ਅਤੇ ਬੰਗਲਾਦੇਸ਼ ਵਿੱਚ ਚਿੰਤਾ ਵਧ ਗਈ ਹੈ, ਜਿੱਥੋਂ ਹੋ ਕੇ ਇਹ ਨਦੀ ਲੰਘਦੀ ਹੈ।
ਮਾਓ ਨੇ ਕਿਹਾ ਕਿ ‘ਯਾਰਲੁੰਗ ਜ਼ਾਂਗਬੋ’ ਨਦੀ ਦੇ ਹੇਠਲੇ ਇਲਾਕਿਆਂ ਵਿੱਚ ਚੀਨ ਦੇ ਪਣਬਿਜਲੀ ਵਿਕਾਸ ਦਾ ਉਦੇਸ਼ ਸਵੱਛ ਊਰਜਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਅਤੇ ਜਲਵਾਯੂ ਬਦਲਾਅ ਤੇ ਅਤਿਅੰਤ ਜਲ ਵਿਗਿਆਨ ਸਬੰਧੀ ਆਫ਼ਤਾਂ ਦਾ ਸਾਹਮਣਾ ਕਰਨਾ ਹੈ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮੌਰਨਿੰਗ ਪੋਸਟ’ ਮੁਤਾਬਕ ਡੈਮ ਵਿੱਚ ਕੁੱਲ ਨਿਵੇਸ਼ ਇਕ ਯੁਆਨ (137 ਅਰਬ ਅਮਰੀਕੀ ਡਾਲਰ) ਤੋਂ ਵੱਧ ਹੋ ਸਕਦਾ ਹੈ। -ਪੀਟੀਆਈ