ਚੀਨ ਦਾ ਨਵਾਂ ਨਕਸ਼ਾ ‘ਬਹੁਤ ਗੰਭੀਰ’ ਮਸਲਾ: ਰਾਹੁਲ
ਨਵੀਂ ਦਿੱਲੀ, 30 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਵੱਲੋਂ ਜਾਰੀ ‘ਸਟੈਂਡਰਡ ਨਕਸ਼ੇ’ ਵਿੱਚ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣਾ ਖੇਤਰ ਦੱਸਣ ਦੇ ਦਾਅਵਿਆਂ ਨੂੰ ‘ਬਹੁਤ ਗੰਭੀਰ’ ਮਸਲਾ ਕਰਾਰ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਗੁਆਂਢੀ ਮੁਲਕ ਪਹਿਲਾਂ ਹੀ ਲੱਦਾਖ ਵਿੱਚ ਭਾਰਤੀ ਸਰਜ਼ਮੀਨ ’ਤੇ ਕਬਜ਼ਾ ਕਰ ਚੁੱਕਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ’ਤੇ ਜਵਾਬ ਦੇਣਾ ਚਾਹੀਦਾ ਹੈ। ਪੇਈਚਿੰਗ ਨੇ ਸੋਮਵਾਰ ਨੂੰ ਸਾਲ 2023 ਲਈ ‘ਚੀਨ ਦਾ ਸਟੈਂਡਰਡ ਨਕਸ਼ਾ’ ਜਾਰੀ ਕੀਤਾ ਸੀ। ਇਸ ਨਵੇਂ ਨਕਸ਼ੇ ਵਿੱਚ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣੇ ਸਰਹੱਦੀ ਖੇਤਰ ਵਜੋਂ ਦਰਸਾਇਆ ਸੀ।
ਇੰਡੀਆ ਗੱਠਜੋੜ ਦੀ ਦੋ ਰੋਜ਼ਾ ਬੈਠਕ ਲਈ ਕਰਨਾਟਕ ਰਵਾਨਾ ਹੋਣ ਤੋਂ ਪਹਿਲਾਂ ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਅਜੇ ਹੁਣੇ ਲੱਦਾਖ ਤੋਂ ਪਰਤਿਆ ਹਾਂ ਅਤੇ ਮੈਂ ਪਿਛਲੇ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਦਾ ਇਹ ਦਾਅਵਾ ਕਿ ਲੱਦਾਖ ਵਿੱਚ ਜ਼ਮੀਨ ਦੇ ਇਕ ਇੰਚ ’ਤੇ ਵੀ ਚੀਨ ਦਾ ਕਬਜ਼ਾ ਨਹੀਂ ਹੋਇਆ, ਸਰਾਸਰ ਝੂਠ ਹੈ। ਪੂਰੇ ਲੱਦਾਖ ਨੂੰ ਪਤਾ ਹੈ ਕਿ ਚੀਨ ਨੇ ਸਾਡੀ ਸਰਜ਼ਮੀਨ ਹੜੱਪੀ ਹੈ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਨਵੇਂ ਨਕਸ਼ੇ ਨਾਲ ਜੁੜਿਆ ਮਸਲਾ ਬਹੁਤ ਸੰਜੀਦਾ ਹੈ, ਪਰ ਉਹ ਪਹਿਲਾਂ ਹੀ ਸਾਡੀ ਜ਼ਮੀਨ ਹੜੱਪ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ ਬੋਲਣਾ ਚਾਹੀਦਾ ਹੈ।’’
ਕਾਂਗਰਸ ਨੇ ਲੰਘੇ ਦਿਨ ਇਸ ਨਵੇਂ ਚੀਨੀ ਨਕਸ਼ੇ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਭਾਰਤ ਦੇ ਅਨਿੱਖੜਵੇ ਅੰਗ ਹਨ ਤੇ ‘ਆਦਤ ਤੋਂ ਮਜਬੂਰ’ ਮੁਲਕ ਵੱਲੋਂ ਆਪਹੁਦਰੇ ਜਾਂ ਗੈਰਕਾਨੂੰਨੀ ਢੰਗ ਨਾਲ ਤਿਆਰ ਨਕਸ਼ੇ ਨਾਲ ਇਹ ਸੱਚਾਈ ਬਦਲਣ ਵਾਲੀ ਨਹੀਂ।
ਗਾਂਧੀ ਨੇ ਪਿਛਲੇ ਹਫ਼ਤੇ ਕਾਰਗਿਲ ਵਿੱਚ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਬੋਲਦਿਆਂ ਕਿਹਾ ਸੀ ਕਿ ਲੱਦਾਖ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਚੀਨ ਨੇ ‘ਸਾਡੀ ਸਰਜ਼ਮੀਨ ਹੜੱਪੀ’ ਹੈ ਤੇ ਪ੍ਰਧਾਨ ਮੰਤਰੀ ਦਾ ਇਹ ਦਾਅਵਾ ਕਿ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ, ‘ਸਰਾਸਰ ਝੂਠ’ ਹੈ। ਉਧਰ ਵਿਦੇਸ਼ ਮੰਤਰਾਲੇ ਨੇ ਵੀ ਲੰਘੇ ਦਿਨ ਇਸ ਨਵੇਂ ਨਕਸ਼ੇ ਨੂੰ ਲੈ ਕੇ ਚੀਨ ਕੋਲ ਸਖ਼ਤ ਇਤਰਾਜ਼ ਜਤਾਇਆ ਸੀ। ਮੰਤਰਾਲੇ ਨੇ ਕਿਹਾ ਸੀ ਕਿ ਚੀਨ ਦੀ ਅਜਿਹੀ ਪੇਸ਼ਕਦਮੀ ਨਾਲ ਸਬੰਧਤ ਖੇਤਰਾਂ ਵਿਚ ਸਰਹੱਦੀ ਵਿਵਾਦ ਵਧੇਰੇ ‘ਗੁੰਝਲਦਾਰ’ ਬਣੇਗਾ। -ਪੀਟੀਆਈ
ਕੀ ਰਾਹੁਲ ਸੁਰੱਖਿਆ ਬਲਾਂ ਦਾ ਮਨੋਬਲ ਡੇਗ ਰਹੇ ਹਨ: ਭਾਜਪਾ
ਨਵੀਂ ਦਿੱਲੀ: ਕਾਂਗਰਸ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ 2008 ਵਿੱਚ ਹੋਏ ਕਰਾਰ(ਐਮਓਯੂ) ਦੇ ਹਵਾਲੇ ਨਾਲ ਭਾਜਪਾ ਨੇ ਅੱਜ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਸਵਾਲ ਕੀਤਾ ਕਿ ਕੀ ਇਸੇ ਕਰਾਰ ਦੀ ਲੋੜ ਤਹਿਤ ਉਹ ਭਾਰਤੀ ਹਿੱਤਾਂ ਖਿਲਾਫ਼ ਕੰਮ ਤੇ ਭਾਰਤੀ ਸੁਰੱਖਿਆ ਬਲਾਂ ਦੇ ਮਨੋਬਲ ਨੂੰ ਸੱਟ ਮਾਰ ਰਹੇ ਹਨ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਜਦੋਂ ਜਵਾਹਰਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਚੀਨ ਨੇ 43000 ਵਰਗ ਕਿਲੋਮੀਟਰ ਤੋਂ ਵੱਧ ਭਾਰਤੀ ਜ਼ਮੀਨ ’ਤੇ ਕਬਜ਼ਾ ਕੀਤਾ ਸੀ। ਭਾਟੀਆ ਨੇ ਸਵਾਲ ਕੀਤਾ ਕੀ ਗਾਂਧੀ ਮੰਨਦੇ ਹਨ ਕਿ ਕਾਂਗਰਸ ਦਾ ਇਹ ਦਲੇਰ ਆਗੂ ਤੇ ਉਸ ਦੇ ਪੜਨਾਨਾ ‘ਗੱਦਾਰ’ ਸਨ। ਭਾਜਪਾ ਆਗੂ ਨੇ ਕਿਹਾ ਕਿ ਗਾਂਧੀ ਨੇ ਹਾਲ ਹੀ ਵਿਚ ‘ਗੱਦਾਰ’ ਸ਼ਬਦ ‘ਭਾਰਤ ਮਾਤਾ ਦਾ ਇਕ ਹਿੱਸਾ’ ਚੀਨ ਨੂੰ ਦੇਣ ਵਾਲਿਆਂ ਲਈ ਵਰਤਿਆ ਸੀ। ਭਾਟੀਆ ਨੇ ਕਿਹਾ ਕਿ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਤੇ ਸੀਸੀਪੀ ਵਿਚਾਲੇ ਸਹੀਬੰਦ ਹੋਏ ਕਰਾਰ ਦੀ ਤਫ਼ਸੀਲ ਸਾਂਝੀ ਕਰਨ। -ਪੀਟੀਆਈ
ਨਵੇਂ ਨਕਸ਼ੇ ਬਾਰੇ ਭਾਰਤ ‘ਬੇਲੋੜੇ ਅਰਥ’ ਕੱਢਣ ਤੋਂ ਬਚੇ: ਚੀਨ
ਪੇਈਚਿੰਗ: ਚੀਨ ਨੇ 2023 ਲਈ ਨਵਾਂ ‘ਸਟੈਂਡਰਡ ਨਕਸ਼ਾ’ ਜਾਰੀ ਕੀਤੇ ਜਾਣ ਦੇ ਆਪਣੇ ਫੈਸਲੇ ਦਾ ਅੱਜ ਬਚਾਅ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਕਾਨੂੰਨ ਮੁਤਾਬਕ ‘ਨਿਯਮਤ ਮਸ਼ਕ’ ਹੈ। ਪੇਈਚਿੰਗ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ‘ਸ਼ਾਂਤ’ ਰਹੇ ਅਤੇ ਇਸ ਮਸਲੇ ਦਾ ‘ਬੇਲੋੜਾ ਅਰਥ’ ਕੱਢਣ ਤੋਂ ਬਚੇ। ਚੀਨ ਨੇ ਸੋਮਵਾਰ ਨੂੰ ਜਾਰੀ ਨਵੇਂ ਨਕਸ਼ੇ ਵਿੱਚ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣੀ ਸਰਜ਼ਮੀਨ ਵਜੋਂ ਦਰਸਾਇਆ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈਨਬਿਨ ਨੇ ਕਿਹਾ, ‘‘ਇਹ ਕਾਨੂੰਨ ਮੁਤਾਬਕ ਚੀਨ ਦੀ ਪ੍ਰਭੂਸੱਤਾ ਨੂੰ ਦਰਸਾਉਣ ਲਈ ਨਿਯਮਤ ਮਸ਼ਕ ਸੀ। ਅਸੀਂ ਆਸ ਕਰਦੇ ਹਾਂ ਕਿ ਸਬੰਧਤ ਧਿਰਾਂ ਵਿਹਾਰਕ ਪਹੁੰਚ ਅਪਣਾਉਂਦਿਆਂ ਸ਼ਾਂਤ ਰਹਿਣਗੀਆਂ ਤੇ ਇਸ ਦੇ ਬੇਲੋੜ ਅਰਥ ਕੱਢਣ ਤੋਂ ਬਚਣਗੀਆਂ।’’ -ਪੀਟੀਆਈ
ਚੀਨੀ ਫੌਜ ਵੱਲੋਂ ਅਕਸਾਈ ਚਿਨ ’ਚ ਬੰਕਰ ਤੇ ਸੁਰੰਗਾਂ ਦੀ ਉਸਾਰੀ: ਰਿਪੋਰਟ
ਨਵੀਂ ਦਿੱਲੀ: ਉਪਗ੍ਰਹਿ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਵਿੱਚ ਚੀਨੀ ਸੁਰੱਖਿਆ ਬਲਾਂ ਵੱਲੋਂ ਅਕਸਾਈ ਚਿਨ ਵਿੱਚ ਬੰਕਰ ਤੇ ਜ਼ਮੀਨਦੋਜ਼ ਸੁਰੰਗਾਂ ਉਸਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਅਕਸਾਈ ਚਿਨ, ਜਿਸ ’ਤੇ ਚੀਨ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਵਿੱਚ ਨਿਰਮਾਣ ਸਰਗਰਮੀਆਂ ਜਾਰੀ ਹਨ। ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨ ਸੁਰੱਖਿਆ ਬਲਾਂ ਵੱਲੋਂ ਤੰਗ ਨਦੀ ਵਾਲੀ ਵਾਦੀ ਦੇ ਨਾਲ ਬੰਕਰਾਂ ਤੇ ਪਨਾਹਾਂ ਦੀ ਉਸਾਰੀ ਲਈ ਸੁਰੰਗਾਂ ਕੱਢੀਆਂ ਜਾ ਰਹੀਆਂ ਹਨ। ਉਪਗ੍ਰਹਿ ਦੀਆਂ ਇਹ ਤਸਵੀਰਾਂ ਅਜਿਹੇ ਮੌਕੇ ਸਾਹਮਣੇ ਆਈਆਂ ਹਨ, ਜਦੋਂ ਚੀਨ ਨੇ ਲੰਘੇ ਦਿਨੀਂ ਨਵਾਂ ਸਟੈਂਡਰਡ ਨਕਸ਼ਾ ਜਾਰੀ ਕਰਕੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਆਪਣੇ ਅਧਿਕਾਰ ਹੇਠਲੇ ਖੇਤਰ ਵਜੋਂ ਦਰਸਾਇਆ ਹੈ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 9 ਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋ ਰਹੀ ਜੀ-20 ਸਿਖਰ ਵਾਰਤਾ ਲਈ ਭਾਰਤ ਆ ਰਹੇ ਹਨ। -ਆਈਏਐੱਨਐੱਸ