ਚੀਨ ਦੀ ਨਵੀਨਤਮ ਪਰਮਾਣੂ ਪਣਡੁੱਬੀ ਡੁੱਬੀ
ਵਾਸ਼ਿੰਗਟਨ, 27 ਸਤੰਬਰ
ਉਪ ਗ੍ਰਹਿ ਤੋਂ ਪ੍ਰਾਪਤ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਚੀਨ ਦੀ ਸਭ ਤੋਂ ਨਵੀਂ ਨਿਰਮਾਣਅਧੀਨ ਪਰਮਾਣੂ ਪਣਡੁੱਬੀ ਘਾਟ ਕੋਲ ਡੁੱਬ ਗਈ ਹੈ। ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਚੀਨ ਕੌਮਾਂਤਰੀ ਵਪਾਰ ਲਈ ਅਹਿਮ ਮੰਨੇ ਜਾਂਦੇ ਦੱਖਣੀ ਚੀਨ ਸਾਗਰ ਦੇ ਲਗਪਗ ਪੂਰੇ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ ਅਤੇ ਉਹ ਇਸ ਖੇਤਰ ਵਿੱਚ ਆਪਣੀ ਫੌਜ ਦੀ ਮੌਜੂਦਗੀ ਲਗਾਤਾਰ ਵਧਾ ਰਿਹਾ ਹੈ। ਇਸ ਖੇਤਰ ’ਤੇ ਬਰੂਨੇਈ, ਮਲੇਸ਼ੀਆ, ਫਿਲਪੀਨਜ਼, ਤਾਇਵਾਨ ਅਤੇ ਵੀਅਤਨਾਮ ਦਾਅਵਾ ਕਰਦੇ ਹਨ। ਅਜਿਹੇ ਵਿੱਚ ਚੀਨ ਦੀ ‘ਝੋਊ’ ਸ਼੍ਰੇਣੀ ਦੀ ਪਹਿਲੀ ਪਣਡੁੱਬੀ ਸੰਭਾਵੀ ਤੌਰ ’ਤੇ ਮਈ ਤੇ ਜੂਨ ਵਿਚਾਲੇ ਡੁੱਬਣ ਨਾਲ ਚੀਨ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਚੀਨ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਪ ਗ੍ਰਹਿ ਤੋਂ ਕਰੇਨ ਦੀਆਂ ਕੁਝ ਤਸਵੀਰਾਂ ਮਿਲੀਆਂ ਹਨ ਜਿਸ ਤੋਂ ਇਹ ਸੰਕੇਤਾ ਮਿਲਦਾ ਹੈ ਕਿ ਨਦੀ ਦੇ ਤਲ ਤੋਂ ਪਣਡੁੱਬੀ ਨੂੰ ਉਠਾਉਣ ਲਈ ਉਸ ਦੀ ਜ਼ਰੂਰਤ ਪਈ ਹੋਵੇਗੀ। -ਏਪੀ