ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਤੀਜੀ ਵਾਰ ਕਰੇਗਾ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ

08:33 AM Sep 16, 2023 IST

ਨਵਦੀਪ ਸਿੰਘ ਗਿੱਲ

ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ 19ਵੀਆਂ ਏਸ਼ਿਆਈ ਖੇਡਾਂ ਦੇ ਨਾਲ ਚੀਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਮੁਲਕ ਬਣ ਜਾਵੇਗਾ। ਇਸ ਤੋਂ ਪਹਿਲਾਂ ਥਾਈਲੈਂਡ ਚਾਰ ਅਤੇ ਦੱਖਣੀ ਕੋਰੀਆ ਤਿੰਨ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ, ਇੰਡੋਨੇਸ਼ੀਆ ਤੇ ਜਪਾਨ ਨੇ ਦੋ-ਦੋ ਅਤੇ ਫਿਲਪਾਈਨਜ਼, ਇਰਾਨ ਤੇ ਕਤਰ ਨੇ ਇੱਕ-ਇੱਕ ਵਾਰ ਏਸ਼ਿਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਚੀਨ ਨੇ ਇਸ ਤੋਂ ਪਹਿਲਾਂ 1990 ਵਿੱਚ ਬੀਜਿੰਗ ਅਤੇ 2010 ਵਿੱਚ ਗੁਆਂਗਜ਼ੂ ਵਿਖੇ ਏਸ਼ਿਆਈ ਖੇਡਾਂ ਕਰਵਾਈਆਂ ਸਨ। ਸ਼ਹਿਰਾਂ ਵੱਲੋਂ ਕੀਤੀ ਮੇਜ਼ਬਾਨੀ ਦੇ ਲਿਹਾਜ਼ ਨਾਲ ਬੈਂਕਾਕ ਨੇ ਸਭ ਤੋਂ ਵੱਧ ਚਾਰ ਵਾਰ ਮੇਜ਼ਬਾਨੀ ਕੀਤੀ ਹੈ। ਉਸ ਤੋਂ ਬਾਅਦ ਨਵੀਂ ਦਿੱਲੀ ਤੇ ਜਕਾਰਤਾ ਨੇ ਦੋ-ਦੋ ਵਾਰ ਖੇਡਾਂ ਕਰਵਾਈਆਂ ਹਨ। ਬਾਕੀ 10 ਸ਼ਹਿਰਾਂ ਮਨੀਲਾ, ਟੋਕੀਓ, ਤਹਿਰਾਨ, ਸਿਓਲ, ਬੀਜਿੰਗ, ਹੀਰੋਸ਼ੀਮਾ, ਬੁਸਾਨ, ਦੋਹਾ, ਗੁਆਂਗਜ਼ੂ ਤੇ ਇੰਚੇਓਨ ਨੇ ਇੱਕ-ਇੱਕ ਵਾਰ ਇਨ੍ਹਾਂ ਦੀ ਮੇਜ਼ਬਾਨੀ ਕੀਤੀ ਹੈ।
ਏਸ਼ਿਆਈ ਖੇਡਾਂ ਦੇ ਵਧਦੇ ਦਾਇਰੇ ਦੀ ਗੱਲ ਕਰੀਏ ਤਾਂ 72 ਸਾਲਾਂ ਦੇ ਸਫ਼ਰ ਦਰਮਿਆਨ ਇਨ੍ਹਾਂ ਖੇਡਾਂ ਨੇ 11 ਤੋਂ 45 ਮੁਲਕਾਂ, 6 ਖੇਡਾਂ ਤੋਂ 46 ਖੇਡਾਂ, 57 ਈਵੈਂਟਾਂ ਤੋਂ 465 ਅਤੇ 489 ਖਿਡਾਰੀਆਂ ਤੋਂ 11300 ਖਿਡਾਰੀਆਂ ਤੱਕ ਤਰੱਕੀ ਕੀਤੀ ਹੈ। ਹਾਂਗਜ਼ੂ ਤੋਂ ਬਾਅਦ ਅਗਲੀਆਂ ਤਿੰਨ ਖੇਡਾਂ ਦੀ ਮੇਜ਼ਬਾਨੀ ਵੀ ਸੌਂਪੀ ਗਈ ਹੈ ਜਿਨ੍ਹਾਂ ਵਿੱਚ ਜਪਾਨ ਦੇ ਸ਼ਹਿਰ ਨਗੋਆ ਵਿੱਚ 2026, ਕਤਰ ਦੀ ਰਾਜਧਾਨੀ ਦੋਹਾ ਵਿੱਚ 2030 ਅਤੇ ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ 2034 ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸ ਲਿਹਾਜ਼ ਨਾਲ ਕਤਰ ਦਾ ਸ਼ਹਿਰ ਦੂਜੀ ਵਾਰ ਖੇਡਾਂ ਕਰਵਾਏਗਾ ਜਦੋਂਕਿ ਸਾਊਦੀ ਅਰਬ ਪਹਿਲੀ ਵਾਰ ਖੇਡਾਂ ਦੀ ਮੇਜ਼ਬਾਨੀ ਕਰੇਗਾ।
ਏਸ਼ਿਆਈ ਖੇਡਾਂ ਦਾ ਜਨਮਦਾਤਾ ਮੁਲਕ ਭਾਰਤ ਹੈ ਜਿਸ ਨੇ 1951 ਵਿੱਚ 4 ਤੋਂ 11 ਮਾਰਚ ਤੱਕ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਕਰਵਾਈਆਂ ਸਨ। 11 ਮੁਲਕਾਂ ਦੇ 489 ਖਿਡਾਰੀਆਂ ਨੇ 6 ਖੇਡਾਂ ਦੇ 57 ਈਵੈਂਟਾਂ ਵਿੱਚ ਹਿੱਸਾ ਲਿਆ ਸੀ। ਹੁਣ ਹਾਂਗਜ਼ੂ ਵਿਖੇ 19ਵੀਆਂ ਏਸ਼ਿਆਈ ਖੇਡਾਂ ਵਿੱਚ 45 ਮੁਲਕਾਂ ਦੇ 11300 ਖਿਡਾਰੀ 46 ਖੇਡਾਂ ਦੇ 465 ਈਵੈਂਟਾਂ ਵਿੱਚ ਹਿੱਸਾ ਲੈਣਗੇ। ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਸੱਤ ਹੀ ਅਜਿਹੇ ਮੁਲਕ ਹਨ ਜਿਨ੍ਹਾਂ ਨੇ ਹਰ ਵਾਰ ਹਿੱਸਾ ਲਿਆ ਹੈ। ਇਹ ਮੁਲਕ ਭਾਰਤ, ਸਿੰਗਾਪੁਰ, ਸ੍ਰੀਲੰਕਾ, ਇੰਡੋਨੇਸ਼ੀਆ, ਜਪਾਨ, ਫਿਲਪਾਈਨਜ਼ ਤੇ ਥਾਈਲੈਂਡ ਹਨ। ਏਸ਼ਿਆਈ ਖੇਡਾਂ ਹਮੇਸ਼ਾਂ ਚਾਰ ਸਾਲ ਬਾਅਦ ਹੁੰਦੀਆਂ ਹਨ। ਪਹਿਲੀਆਂ (ਨਵੀਂ ਦਿੱਲੀ 1951) ਤੇ ਦੂਜੀਆਂ (1954 ਮਨੀਲਾ) ਏਸ਼ਿਆਈ ਖੇਡਾਂ ਵਿਚਾਲੇ ਸਿਰਫ਼ ਤਿੰਨ ਸਾਲ ਦਾ ਫਾਸਲਾ ਸੀ ਜਦੋਂ ਕਿ ਐਤਕੀਂ ਪਹਿਲੀ ਵਾਰ ਪੰਜ ਸਾਲ ਦੇ ਵਕਫ਼ੇ ਬਾਅਦ ਖੇਡਾਂ ਕਰਵਾਈਆਂ ਜਾ ਰਹੀਆਂ ਹਨ। 2018 ਵਿੱਚ ਜਕਾਰਤਾ ਵਿਖੇ 18ਵੀਆਂ ਏਸ਼ਿਆਈ ਖੇਡਾਂ ਕਰਵਾਈਆਂ ਗਈਆਂ ਸਨ ਅਤੇ ਹਾਂਗਜ਼ੂ ਵਿਖੇ 10 ਤੋਂ 25 ਸਤੰਬਰ, 2022 ਤੱਕ 19ਵੀਆਂ ਖੇਡਾਂ ਕਰਵਾਈਆਂ ਜਾਣੀਆਂ ਸਨ। ਕਰੋਨਾ ਮਹਾਮਾਰੀ ਕਰਕੇ ਪਿਛਲੇ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਨੂੰ ਓਲੰਪਿਕ ਖੇਡਾਂ ਵਾਂਗ ਮੁਲਤਵੀ ਕਰਨ ਦੀ ਬਜਾਏ ਇੱਕ ਸਾਲ ਲਈ ਅੱਗੇ ਪਾ ਦਿੱਤਾ ਸੀ। ਅਗਲੀਆਂ 20ਵੀਆਂ ਏਸ਼ਿਆਈ ਖੇਡਾਂ ਨਗੋਆ ਵਿਖੇ ਤਿੰਨ ਸਾਲ ਦੇ ਵਕਫ਼ੇ ਬਾਅਦ ਹੋਣਗੀਆਂ।
ਹਾਂਗਜ਼ੂ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ 16 ਸਤੰਬਰ 2015 ਨੂੰ ਓਲੰਪਿਕਸ ਕੌਂਸਲ ਆਫ ਏਸ਼ੀਆ ਦੇ ਤੁਰਕਮੇਸਿਤਾਨ ਦੇ ਸ਼ਹਿਰ ਅਸ਼ਗਾਬਾਦ ਵਿਖੇ ਹੋਏ 24ਵੇਂ ਆਮ ਇਜਲਾਸ ਦੌਰਾਨ ਹਾਸਲ ਕੀਤੀ ਸੀ। ਅਗਸਤ 2015 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਨ ਵਾਲਾ ਹਾਂਗਜ਼ੂ ਇਕਲੌਤਾ ਸ਼ਹਿਰ ਸੀ ਜਿਸ ਕਾਰਨ ਬਿਨਾਂ ਮੁਕਾਬਲੇ ਦੇ ਇਸ ਸ਼ਹਿਰ ਨੂੰ ਖੇਡਾਂ ਅਲਾਟ ਕੀਤੀਆਂ ਗਈਆਂ। ਹਾਂਗਜ਼ੂ ਚੀਨ ਦੇ ਪੂਰਬੀ ਤੱਟੀ ਸੂਬੇ ਜ਼ੇਜਿਆਂਗ ਦੀ ਰਾਜਧਾਨੀ ਹੈ। ਓਲੰਪਿਕ ਜੇਤੂ ਤੈਰਾਕ ਸੁਨ ਯਾਂਗ ਤੇ ਯੇ ਸ਼ਾਈਵੇਨ, ਓਲੰਪਿਕ ਚੈਂਪੀਅਨ ਬੈਡਮਿੰਟਨ ਖਿਡਾਰਨ ਚੇਨ ਯੂਫਈ ਤੇ ਜੂਨੀਅਰ ਟੈਨਿਸ ਵਿੱਚ ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਵੂ ਯਬਿਿੰਗ ਹਾਂਗਜ਼ੂ ਸ਼ਹਿਰ ਦੇ ਹੀ ਵਸਨੀਕ ਸਨ। ਹਾਂਗਜ਼ੂ ਵਿੱਚ 44 ਥਾਵਾਂ ’ਤੇ ਖੇਡ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚੋਂ 30 ਮੌਜੂਦਾ ਸਟੇਡੀਅਮ ਅਤੇ 14 ਨਵੇਂ ਸਟੇਡੀਅਮ ਬਣਾਏ ਗਏ ਹਨ। ਬਰੇਕਡਾਂਸਿੰਗ ਤੇ ਈ-ਸਪੋਰਟਸ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਹਿੱਸਾ ਬਣਨ ਜਾ ਰਹੇ ਹਨ ਜਦੋਂ ਕਿ ਕ੍ਰਿਕਟ ਤੇ ਸਤਰੰਜ਼ ਖੇਡ ਦੀ ਏਸ਼ਿਆਈ ਖੇਡਾਂ ਵਿੱਚ ਮੁੜ ਵਾਪਸੀ ਹੋਈ ਹੈ। ਕ੍ਰਿਕਟ ਇਸ ਤੋਂ ਪਹਿਲਾਂ 2010 ਵਿੱਚ ਗੁਆਂਗਜ਼ੂ ਤੇ 2014 ਵਿੱਚ ਇੰਚੇਓਨ ਅਤੇ ਸਤਰੰਜ਼ 2006 ਵਿੱਚ ਦੋਹਾ ਅਤੇ 2010 ਵਿੱਚ ਗੁਆਂਗਜ਼ੂ ਵਿਖੇ ਕਰਵਾਈਆਂ ਗਈਆਂ ਸਨ।
ਹਾਂਗਜ਼ੂ ਵਿਖੇ 19 ਸਤੰਬਰ ਨੂੰ ਵਾਲੀਬਾਲ, ਫੁਟਬਾਲ ਤੇ ਕ੍ਰਿਕਟ ਮੁਕਾਬਲਿਆਂ ਦੀ ਸ਼ੁਰੂਆਤ ਨਾਲ ਆਗਾਜ਼ ਹੋ ਜਾਵੇਗਾ, ਪਰ ਰਸਮੀ ਉਦਘਾਟਨ ਸਮਾਰੋਹ 23 ਸਤੰਬਰ ਨੂੰ ਹੋਵੇਗਾ ਅਤੇ 8 ਅਕਤੂਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ। ਹਾਂਗਜ਼ੂ ਏਸ਼ਿਆਈ ਖੇਡਾਂ ਦੇ ਤਿੰਨ ਮਾਸਕਟ ਕੌਂਗਕੌਂਗ, ਲਿਆਨਲਿਅਨ ਤੇ ਚੇਨਚੇਨ ਹਨ ਜੋ ਕਿ ਜਿਆਂਗਨਾਨ ਦੀਆਂ ਯਾਦਾ ਵਜੋਂ ਜਾਣੇ ਜਾਂਦੇ ਹਨ। ਇਹ ਤਿੰਨੋ ਮਾਸਕਟ ਲਿਆਂਗਜ਼ੂ ਸ਼ਹਿਰ ਦੀ ਪੱਛਮੀ ਝੀਲ ਅਤੇ ਵੱਡੀ ਨਦੀ ਦੇ ਪੁਰਾਤੱਤਵ ਖੰਡਰ ਤੋਂ ਪੈਦਾ ਹੋਏ ਰੌਬੋਟਿਕ ਸੁਪਰਹੀਰੋ ਵਜੋਂ ਦਰਸਾਏ ਗਏ ਹਨ। ਇਨ੍ਹਾਂ ਖੇਡਾਂ ਦਾ ਸਲੋਗਨ ‘ਭਵਿੱਖੀ ਸੋਚ: ਦਿਲਾਂ ਤੋਂ ਦਿਲਾਂ ਤੱਕ’ ਹੈ ਜਿਸ ਦਾ ਭਾਵ ਏਸ਼ਿਆਈ ਮੁਲਕਾਂ ਵਿਚਕਾਰ ਆਪਸ ਵਿੱਚ ਪਿਆਰ ਤੇ ਸਨੇਹ ਬਣਾਏ ਰੱਖਣਾ ਹੈ। ਜਕਾਰਤਾ ਵਿਖੇ ਹੋਈਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਚੀਨ ਪਹਿਲੇ ਨੰਬਰ ’ਤੇ ਰਿਹਾ ਸੀ ਜਿਸ ਨੇ 132 ਸੋਨੇ, 92 ਚਾਂਦੀ ਤੇ 65 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 289 ਤਗ਼ਮੇ ਜਿੱਤੇ ਸਨ। ਦੂਜੇ ਨੰਬਰ ਉਤੇ ਆਏ ਜਪਾਨ ਨੇ 75 ਸੋਨੇ, 56 ਚਾਂਦੀ ਤੇ 74 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 205 ਅਤੇ ਤੀਜੇ ਨੰਬਰ ਉਤੇ ਆਏ ਦੱਖਣੀ ਕੋਰੀਆ ਨੇ 49 ਸੋਨੇ, 58 ਚਾਂਦੀ ਤੇ 70 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 177 ਤਗ਼ਮੇ ਜਿੱਤੇ ਸਨ। ਮੇਜ਼ਬਾਨ ਇੰਡੋਨੇਸ਼ੀਆ 31 ਸੋਨੇ, 24 ਚਾਂਦੀ ਤੇ 43 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 98 ਤਗ਼ਮੇ ਜਿੱਤ ਕੇ ਚੌਥੇ ਸਥਾਨ ਉਤੇ ਆਇਆ ਸੀ। ਤਗ਼ਮਾ ਸੂਚੀ ਵਿੱਚ ਭਾਰਤ ਅੱਠਵੇਂ ਸਥਾਨ ਉਤੇ ਸੀ ਜਿਸ ਨੇ 16 ਸੋਨੇ, 24 ਚਾਂਦੀ ਤੇ 30 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 70 ਤਗ਼ਮੇ ਜਿੱਤੇ ਸਨ। ਮੇਜ਼ਬਾਨ ਚੀਨ ਦਾ ਇਸ ਵਾਰ ਵੀ ਪਲੜਾ ਭਾਰੀ ਰਹਿਣ ਦੇ ਆਸਾਰ ਹਨ। ਦੇਖਦੇ ਹਾਂ ਕਿ ਦੂਜੇ ਤੇ ਤੀਜੇ ਸਥਾਨ ਲਈ ਜਪਾਨ ਤੇ ਦੱਖਣੀ ਕੋਰੀਆ ਕਿੱਥੇ ਖੜ੍ਹਦੇ ਹਨ ਅਤੇ ਭਾਰਤ ਕਿੱਥੇ ਖੜ੍ਹਦਾ ਹੈ।
ਸੰਪਰਕ: 97800-36216

Advertisement

Advertisement