ਚੀਨ ਨੇ ਤਾਇਵਾਨ ਭੇਜਿਆ ਸਮੁੰਦਰੀ ਤੇ ਜੰਗੀ ਜਹਾਜ਼ਾਂ ਦਾ ਵੱਡਾ ਬੇੜਾ
ਤੇਪਈ (ਤਾਇਵਾਨ), 12 ਜੁਲਾਈ
ਚੀਨ ਨੇ ਪਿਛਲੇ ਦੋ ਦਨਿਾਂ ਵਿੱਚ ਜਲ ਸੈਨਾ ਦੇ ਜਹਾਜ਼, ਜੰਗੀ ਜਹਾਜ਼ ਤੇ ਬੰਬ ਸੁੱਟਣ ਵਾਲੇ ਜਹਾਜ਼ਾਂ ਸਣੇ ਲੜਾਕੂ ਜਹਾਜ਼ਾਂ ਦਾ ਇਕ ਵੱਡਾ ਸਮੂਹ ਤਾਇਵਾਨ ਵੱਲ ਭੇਜਿਆ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਚੀਨੀ ਪੀਪਲਜ਼ ਲਬਿਰੇਸ਼ਨ ਆਰਮੀ ਨੇ ਮੰਗਲਵਾਰ ਸਵੇਰੇ 6 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਵਿਚਾਲੇ ਤਾਇਵਾਨ ਦੇ ਆਸ-ਪਾਸ 38 ਜੰਗੀ ਜਹਾਜ਼ ਅਤੇ ਜਲ ਸੈਨਾ ਦੇ ਨੌਂ ਜਹਾਜ਼ ਭੇਜੇ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸਵੇਰ ਤੋਂ ਦੁਪਹਿਰ ਤੱਕ ਸੈਨਾ ਨੇ ਉੱਥੇ 30 ਹੋਰ ਜਹਾਜ਼ ਭੇਜੇ, ਜਨਿ੍ਹਾਂ ਵਿੱਚ ਜੇ-10 ਤੇ ਜੇ-16 ਜੰਗੀ ਜਹਾਜ਼ ਵੀ ਸ਼ਾਮਲ ਸਨ। ਤਾਇਵਾਨ ਇਸ ਮਹੀਨੇ ਦੇ ਅਖ਼ੀਰ ਵਿੱਚ ਸਾਲਾਨਾ ਹਾਨ ਗੁਆਂਗ ਅਭਿਆਸ ਕਰੇਗਾ, ਜਿਸ ਵਿੱਚ ਉਸ ਦੀ ਸੈਨਾ ਹਮਲੇ ਰੋਕਣ ਲਈ ਜੰਗੀ ਮਸ਼ਕਾਂ ਕਰੇਗੀ। ਇਸ ਤੋਂ ਇਲਾਵਾ ਤਾਇਵਾਨ ਸਾਲਾਨਾ ਵਾਨਆਨ ਅਭਿਆਸ ਵੀ ਕਰੇਗਾ ਜਿਸ ਦਾ ਮਕਸਦ ਨਾਗਰਿਕਾਂ ਨੂੰ ਕੁਦਰਤੀ ਆਫਤਾਂ ਲਈ ਤਿਆਰ ਕਰਨਾ ਅਤੇ ਹਵਾਈ ਹਮਲੇ ਦੀ ਸਥਿਤੀ ਵਿੱਚ ਨਿਕਾਸੀ ਦਾ ਅਭਿਆਸ ਕਰਨਾ ਸ਼ਾਮਲ ਹੈ।
ਚੀਨ ਲਗਾਤਾਰ ਸਵੈ-ਸ਼ਾਸਿਤ ਤਾਇਵਾਨ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਰਿਹਾ ਹੈ। ਹਾਲ ਦੇ ਸਾਲਾਂ ਵਿੱਚ ਚੀਨ ਵੱਲੋਂ ਤਾਇਵਾਨ ਵੱਲ ਭੇਜੇ ਜਾਣ ਵਾਲੇ ਫ਼ੌਜੀ ਜਹਾਜ਼ਾਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਤਾਇਵਾਨ ’ਚ ਇਸ ਦਾ ਸਿਆਸੀ ਵਿਰੋਧ ਹੋ ਰਿਹਾ ਹੈ ਜਿਸ ’ਤੇ ਚੀਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਲੰਘੇ ਕੁਝ ਸਾਲਾਂ ਵਿੱਚ ਚੀਨ ਨੇ ਤਾਇਵਾਨ ਦੇ ਪਾਣੀਆਂ ਦੇ ਆਸ-ਪਾਸ ਦਾ ਗੇੜਾ ਲਾਉਣ ਲਈ ਆਪਣੇ ਜਲ ਸੈਨਾ ਦੇ ਜਹਾਜ਼ਾਂ ਦੇ ਨਾਲ-ਨਾਲ ਡਰੋਨ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ।
ਮੰਗਲਵਾਰ ਤੇ ਬੁੱਧਵਾਰ ਨੂੰ ਵੀ ਪੀਪਲਜ਼ ਲਬਿਰੇਸ਼ਨ ਆਰਮੀ ਨੇ ਦੱਖਣੀ ਤਾਇਵਾਨ ਵੱਲ ਵੱਡੀ ਗਿਣਤੀ ਵਿੱਚ ਬੰਬ ਡੇਗਣ ਵਾਲੇ ਐੱਚ-6 ਜਹਾਜ਼ ਭੇਜੇ। -ਏਪੀ