ਚੀਨ: ਹੜ੍ਹਾਂ ’ਚ ਫਸੇ 40 ਹਜ਼ਾਰ ਵਿਅਕਤੀ ਬਚਾਏ
ਪੇਈਚਿੰਗ, 12 ਜੁਲਾਈ
ਚੀਨ ਦੇ ਸਿਚੂਆਨ ਪ੍ਰਾਂਤ ਵਿੱਚ ਹੜ੍ਹਾਂ ਵਿੱਚ ਫਸੇ 40 ਹਜ਼ਾਰ ਲੋਕਾਂ ਨੂੰ ਅੱਜ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਕੁਝ ਹਫਤਿਆਂ ਵਿੱਚ ਚੀਨ ਦੇ ਕਈ ਹਿੱਸਿਆਂ ਵਿੱਚ ਬੱਦਲ ਫਟਣ ਕਾਰਨ ਭਾਰੀ ਮੀਂਹ ਪਿਆ ਹੈ ਜਿਸ ਨਾਲ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਤੇ ਢਿੱਗਾਂ ਡਿੱਗਣ ਕਾਰਨ ਕਈ ਘਰ ਨੁਕਸਾਨੇ ਗਏ ਹਨ, ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ ਕਈ ਵਿਅਕਤੀਆਂ ਦੀ ਮੌਤ ਹੋਈ ਹੈ। ਚੀਨ ਦੇ ਨਾਲ-ਨਾਲ ਦੁਨੀਆਂ ਦੇ ਕਈ ਹੋਰਨਾਂ ਹਿੱਸਿਆਂ ਵਿੱਚ ਵੀ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਹਨ ਜਿਸ ਨੇ ਵਾਤਾਵਰਨ ਵਿੱਚ ਬਦਲਾਅ ਸਬੰਧੀ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਚੀਨ ਦੀ ਸੂਚਨਾ ਪ੍ਰਸਾਰਨ ਸੰਸਥਾ ਸੀਸੀਟੀਵੀ ਵੱਲੋਂ ਜਾਰੀ ਰਿਪੋਰਟ ਅਨੁਸਾਰ ਸਿਚੂਆਨ ਸੂਬੇ ਦੇ ਯਾਨ ਸ਼ਹਿਰ ਵਿੱਚ ਬੀਤੇ 14 ਘੰਟਿਆਂ ਵਿੱਚ 300.7 ਐੱਮਐੱਮ (11.8 ਇੰਚ) ਮੀਂਹ ਪਿਆ ਹੈ ਜਿਸ ਕਾਰਨ ਅਚਨਚੇਤ ਹੜ੍ਹ ਆਏ ਅਤੇ ਢਿੱਗਾਂ ਡਿੱਗਣ ਕਾਰਨ ਮਕਾਨ ਨੁਕਸਾਨੇ ਗਏ। ਇਸੇ ਤਰ੍ਹਾਂ ਹਨਿਾਨ ਪ੍ਰਾਂਤ ਦੀ ਰਾਜਧਾਨੀ ਜ਼ੈਂਗਜ਼ਾਊ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਜੀਆਂਗਸੂ ਪ੍ਰਾਂਤ ਦੇ ਗੁਆਨਯੁਨ ਇਲਾਕੇ ਵਿੱਚ ਸੋਮਵਾਰ ਰਾਤ ਨੂੰ 275.4 ਐੱਮਐੱਮ ਮੀਂਹ ਪਿਆ ਹੈ। ਇਹ ਜਾਣਕਾਰੀ ਚੀਨ ਦੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ। -ਰਾਇਟਰਜ਼