ਚੀਨ ਨੇ ਵਿਦੇਸ਼ ਮੰਤਰੀ ਕਨਿ ਗੈਂਗ ਨੂੰ ਅਹੁਦੇ ਤੋਂ ਹਟਾਇਆ
ਪੇਈਚਿੰਗ, 25 ਜੁਲਾਈ
ਚੀਨ ਨੇ ਅੱਜ ਵਿਦੇਸ਼ ਮੰਤਰੀ ਕਨਿ ਗੈਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਵਾਂਗ ਯੀ ਨੂੰ ਨਿਯੁਕਤ ਕੀਤਾ ਹੈ। ਇਸ ਕਦਮ ਨਾਲ ਪਹਿਲਾਂ ਹੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਵੱਖ-ਵੱਖ ਸੀਨੀਅਰ ਨੇਤਾਵਾਂ ਵਿਚਲੀਆਂ ਸਿਆਸੀ ਦੁਸ਼ਮ਼ਣੀਆਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਉਠ ਰਹੀਆਂ ਅਫਵਾਹਾਂ ਨੂੰ ਹੋਰ ਬਲ ਮਿਲਿਆ ਹੈ। ਸਰਕਾਰੀ ਪ੍ਰਸਾਰਨਕਰਤਾ ਸੀਸੀਟੀਵੀ ਨੇ ਸ਼ਾਮ ਦੇ ਪ੍ਰਸਾਰਨ ’ਚ ਇਸ ਦਾ ਐਲਾਨ ਕੀਤਾ ਪਰ ਕਨਿ ਗੈਂਗ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਨਹੀਂ ਦੱਸਿਆ। ਗੈਂਗ ਲਗਪਗ ਇੱਕ ਮਹੀਨੇ ਤੋਂ ਜਨਤਕ ਤੌਰ ’ਤੇ ਨਜ਼ਰ ਨਹੀਂ ਆਏ ਹਨ ਅਤੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਆਪਣੀ ਰੋਜ਼ਾਨਾ ਰਿਪੋਰਟ ’ਚ ਇਸ (ਕਨਿ ਗੈਂਗ ਨੂੰ ਹਟਾਉਣ) ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਚੀਨ ਦੀ ਹਮਲਾਵਰ ਵਿਦੇਸ਼ ਨੀਤੀ ਖ਼ਿਲਾਫ਼ ਕਈ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਕਨਿ ਗੈਂਗ ਨੂੰ ਹਟਾਉਣ ਬਾਰੇ ਮਨਜ਼ੂਰੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ ਗਈ ਜਿਹੜੀ ਆਮ ਤੌਰ ’ਤੇ ਮਹੀਨੇ ਦੇ ਅੰਤ ਵਿੱਚ ਹੁੰਦੀ ਹੈ। ਇਸ ਨਾਲ ਕਨਿ ਗੈਂਗ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਭੇਤ ਹੋਰ ਵਧ ਗਿਆ ਹੈ। ਨਵ-ਨਿਯੁਕਤ ਵਿਦੇਸ਼ ਮੰਤਰੀ ਵਾਂਗ ਯੀ ਇਸ ਤੋਂ ਪਹਿਲਾਂ ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਰਹੇ ਹਨ। -ਏਪੀ