ਚੀਨ ਵੱਲੋਂ ਅਰੁਣਾਚਲ ਦੀਆਂ ਵੱਖ ਵੱਖ ਥਾਵਾਂ ਲਈ 30 ਹੋਰ ਨਾਮ ਜਾਰੀ
ਪੇਈਚਿੰਗ, 1 ਅਪਰੈਲ
ਅਰੁਣਾਚਲ ਪ੍ਰਦੇਸ਼ ’ਤੇ ਆਪਣਾ ਦਾਅਵਾ ਪੇਸ਼ ਕਰਨ ਦੀ ਚੀਨ ਦੀ ਹਾਲੀਆ ਕੋਸ਼ਿਸ਼ਾਂ ਦਰਮਿਆਨ ਪੇਈਚਿੰਗ ਨੇ ਭਾਰਤੀ ਸੂਬੇ ’ਚ ਵੱਖ ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦੇ ਨਾਮ ਬਦਲਣ ਦੀ ਕਵਾਇਦ ਨੂੰ ਭਾਰਤ ਖਾਰਜ ਕਰਦਾ ਆ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਹੈ। ਭਾਰਤ ਮੁਤਾਬਕ ‘ਕਾਲਪਨਿਕ’ ਨਾਮ ਰੱਖਣ ਨਾਲ ਹਕੀਕਤ ’ਚ ਕੋਈ ਬਦਲਾਅ ਨਹੀਂ ਆਵੇਗਾ। ਸਰਕਾਰੀ ਮੀਡੀਆ ਅਦਾਰੇ ‘ਗਲੋਬਲ ਟਾਈਮਜ਼’ ਨੇ ਐਤਵਾਰ ਨੂੰ ਦੱਸਿਆ ਕਿ ਚੀਨੀ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ ‘ਜ਼ੰਗਨਾਨ’ ’ਚ ਟਕਸਾਲੀ ਭੂਗੋਲਿਕ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਚੀਨ, ਅਰੁਣਾਚਲ ਪ੍ਰਦੇਸ਼ ਨੂੰ ‘ਜ਼ੰਗਨਾਨ’ ਆਖਦਾ ਹੈ ਅਤੇ ਦੱਖਣੀ ਤਿੱਬਤ ਦੇ ਹਿੱਸੇ ਵਜੋਂ ਇਸ ਸੂਬੇ ’ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ’ਤੇ ਖੇਤਰ ਲਈ 30 ਵਧੇਰੇ ਨਾਮ ਪੋਸਟ ਕੀਤੇ ਗਏ। ਇਹ ਸੂਚੀ ਇਕ ਮਈ ਤੋਂ ਲਾਗੂ ਮੰਨੀ ਜਾਵੇਗੀ। ਚੀਨੀ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ ‘ਜ਼ੰਗਨਾਨ’ ’ਚ ਛੇ ਥਾਵਾਂ ਦੇ ਟਕਸਾਲੀ ਨਾਵਾਂ ਦੀ ਪਹਿਲੀ ਸੂਚੀ 2017 ’ਚ ਜਾਰੀ ਕੀਤੀ ਸੀ ਜਦਕਿ 15 ਹੋਰ ਥਾਵਾਂ ਦੀ ਦੂਜੀ ਸੂਚੀ 2021 ’ਚ ਜਾਰੀ ਕੀਤੀ ਗਈ ਸੀ। -ਪੀਟੀਆਈ
ਚੀਨ ਨੂੰ ਸਖ਼ਤੀ ਨਾਲ ਜਵਾਬ ਦੇਵੇ ਸਰਕਾਰ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਨਾਮ ਬਦਲਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੀਆਂ ਅਜਿਹੀਆਂ ਹਰਕਤਾਂ ਦਾ ਸਖ਼ਤੀ ਨਾਲ ਜਵਾਬ ਨਹੀਂ ਦੇ ਰਹੇ ਹਨ। ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਜਦੋਂ ਚੀਨ ਭੜਕਾਊ ਕਾਰਵਾਈਆਂ ਕਰ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਕੱਚਾਤੀਵੂ ਬਾਰੇ ਝੂਠਾ ਬਿਰਤਾਂਤ ਸਿਰਜ ਰਹੇ ਹਨ। ਉਨ੍ਹਾਂ ਕਿਹਾ,‘‘ਅਖੌਤੀ 56 ਇੰਚ ਦੀ ਛਾਤੀ ਅਤੇ ਲਾਲ ਅੱਖਾਂ ਦਿਖਾਉਣ ਵਾਲਾ ਹੁਣ ਚੀਨ ਦੀਆਂ ਹਰਕਤਾਂ ਨੂੰ ਅੱਖੋਂ-ਪਰੋਖੇ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਨੇ ਬੜੇ ਸੌਖੇ ਢੰਗ ਨਾਲ ਚੀਨ ਨੂੰ ਹਰੇਕ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਹੈ। -ਪੀਟੀਆਈ
ਨਾਮ ਬਦਲਣ ਨਾਲ ਕੋਈ ਲਾਹਾ ਨਹੀਂ ਮਿਲਣਾ: ਜੈਸ਼ੰਕਰ
ਸੂਰਤ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਸੀ, ਭਾਰਤ ਦਾ ਹੈ ਅਤੇ ਅੱਗੇ ਵੀ ਇਹ ਭਾਰਤ ਦਾ ਹੀ ਰਹੇਗਾ। ਚੀਨ ਵੱਲੋਂ ਅਰੁਣਾਚਲ ’ਚ ਵੱਖ ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਸੂਚੀ ਜਾਰੀ ਕੀਤੇ ਜਾਣ ਮਗਰੋਂ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਨਾਮ ਬਦਲਣ ਨਾਲ ਕੋਈ ਲਾਹਾ ਨਹੀਂ ਮਿਲੇਗਾ। ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਆਏ ਵਿਦੇਸ਼ ਮੰਤਰੀ ਨੇ ਕਿਹਾ,‘‘ਜੇ ਮੈਂ ਤੁਹਾਡੇ ਘਰ ਦਾ ਨਾਮ ਬਦਲ ਦੇਵਾਂ ਤਾਂ ਕੀ ਇਹ ਮੇਰਾ ਹੋ ਜਾਵੇਗਾ? ਇਸ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋਵੇਗਾ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਸੂਬਾ ਹੈ ਅਤੇ ਅੱਗੇ ਵੀ ਇਹ ਭਾਰਤ ਦਾ ਹੀ ਰਹੇਗਾ।’’ ਜੈਸ਼ੰਕਰ ਨੇ ਕਿਹਾ ਕਿ ਆਰਥਿਕ ਮੋਰਚੇ ’ਤੇ ਚੀਨ ਨਾਲ ਮੁਕਾਬਲਾ ਕਰਨ ਲਈ ਭਾਰਤ ਨੂੰ ਮੈਨੂਫੈਕਚਰਿੰਗ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸੋਚ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਜਦੋਂ ਤੱਕ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਨਹੀਂ ਆਉਂਦੀ ਹੈ, ਦੋਵੇਂ ਏਸ਼ਿਆਈ ਸ਼ਕਤੀਆਂ ਦੇ ਸਬੰਧਾਂ ਵਿੱਚ ਸੁਧਾਰ ਨਹੀਂ ਹੋਵੇਗਾ। -ਪੀਟੀਆਈ