ਚੀਨ ਓਪਨ: ਮਾਲਵਿਕਾ ਨੇ ਓਲੰਪਿਕ ਤਗ਼ਮਾ ਜੇਤੂ ਤੁਨਜੁੰਗ ਨੂੰ ਹਰਾਇਆ
ਚਾਂਗਜ਼ੂ (ਚੀਨ), 18 ਸਤੰਬਰ
ਭਾਰਤ ਦੀ ਮਾਲਵਿਕਾ ਬੰਸੋਦ ਨੇ ਅੱਜ ਇੱਥੇ ਚੀਨ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ ਹਰਾ ਦਿੱਤਾ। ਦੁਨੀਆ ਦੀ 43ਵੇਂ ਨੰਬਰ ਦੀ ਖਿਡਾਰਨ ਨੇ ਪਹਿਲੀ ਗੇਮ ’ਚ ਤਿੰਨ ਗੇਮ ਪੁਆਇੰਟ ਬਚਾਏ ਅਤੇ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਇੰਡੋਨੇਸ਼ੀਆ ਦੀ ਤੁਨਜੁੰਗ ਨੂੰ 46 ਮਿੰਟ ’ਚ 26-24, 21-19 ਨਾਲ ਹਰਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਉਹ ਇਸ ਟੂਰਨਾਮੈਂਟ ਵਿਚ ਇਕਲੌਤੀ ਭਾਰਤੀ ਬਚੀ ਹੈ। 22 ਸਾਲਾ ਮਾਲਵਿਕਾ ਅਗਲੇ ਗੇੜ ਵਿੱਚ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਵਿੱਚ ਤਗ਼ਮਾ ਜੇਤੂ ਕ੍ਰਿਸਟੀ ਗਿਲਮੋਰ ਨਾਲ ਭਿੜੇਗੀ।
ਇਸ ਦੌਰਾਨ ਮਹਿਲਾ ਸਿੰਗਲਜ਼ ਦੇ ਹੋਰ ਮੁਕਾਬਲਿਆਂ ਵਿੱਚ ਆਕਰਸ਼ੀ ਕਸ਼ਯਪ ਅਤੇ ਸਾਮਿਆ ਇਮਾਦ ਫਾਰੂਕੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਕਰਸ਼ੀ ਚੀਨੀ ਤਾਇਪੇ ਦੀ ਚਿਉ ਪਿਨ ਚਿਆਨ ਤੋਂ 15-21, 19-21, ਜਦਕਿ ਸਾਮਿਆ ਕ੍ਰਿਸਟੀ ਤੋਂ 9-21, 7-21 ਨਾਲ ਹਾਰ ਗਈ। ਮਹਿਲਾ ਡਬਲਜ਼ ਵਿੱਚ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਰੁਤੁਪਰਨਾ ਪਾਂਡਾ ਅਤੇ ਸ਼ਵੇਤਪਰਨਾ ਪਾਂਡਾ ਵੀ ਕਰੀਬੀ ਮੈਚ ਵਿੱਚ ਹਾਰ ਗਈਆਂ। ਮਿਕਸਡ ਡਬਲਜ਼ ਵਿੱਚ ਬੀ ਸੁਮਿਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਪਹਿਲੇ ਗੇੜ ਵਿੱਚ ਮਲੇਸ਼ੀਆ ਦੀ ਤਾਨ ਕਿਆਨ ਮੇਂਗ ਅਤੇ ਲਾਈ ਪੇਈ ਜਿੰਗ ਦੀ ਜੋੜੀ ਤੋਂ 10-21, 16-21 ਨਾਲ ਹਾਰ ਗਏ। -ਪੀਟੀਆਈ