For the best experience, open
https://m.punjabitribuneonline.com
on your mobile browser.
Advertisement

ਸੁਰੱਖਿਆ ਢਾਂਚੇ ਦੀ ਮਜ਼ਬੂਤੀ ਲਈ ਪਾਕਿਸਤਾਨੀ ਸੈਨਾ ਦੀ ਮਦਦ ਕਰ ਰਿਹੈ ਚੀਨ

09:13 PM Jun 29, 2023 IST
ਸੁਰੱਖਿਆ ਢਾਂਚੇ ਦੀ ਮਜ਼ਬੂਤੀ ਲਈ ਪਾਕਿਸਤਾਨੀ ਸੈਨਾ ਦੀ ਮਦਦ ਕਰ ਰਿਹੈ ਚੀਨ
Advertisement
Advertisement

ਨਵੀਂ ਦਿੱਲੀ, 25 ਜੂਨ

ਚੀਨ ਕੰਟਰੋਲ ਰੇਖਾ ਨੇੜੇ ਮਨੁੱਖ ਰਹਿਤ ਅਤੇ ਲੜਾਕੂ ਹਵਾਈ ਜਹਾਜ਼ਾਂ, ਸੰਚਾਰ ਲਈ ਟਾਵਰਾਂ ਅਤੇ ਜ਼ਮੀਨਦੋਜ਼ ਤਾਰਾਂ ਜ਼ਰੀਏ ਸੁਰੱਖਿਆ ਢਾਂਚੇ ਦੀ ਮਜ਼ਬੂਤੀ ਲਈ ਪਾਕਿਸਤਾਨੀ ਸੈਨਾ ਦੀ ਮਦਦ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਚੀਨ ਦਾ ਇਹ ਕਦਮ ਆਪਣੇ ਗੂੜੇ ਮਿੱਤਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਦਬਦਬਾ ਵਧਾਉਂਦਿਆਂ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਸੜਕ ਅਤੇ ਪਣ-ਬਿਜਲੀ ਪ੍ਰਾਜੈਕਟਾਂ ਦੀ ਸੁਰੱਖਿਆ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦਾ ਹਿੱਸਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਪਾਕਿਸਤਾਨ ਦਿਵਸ ਮੌਕੇ ਪ੍ਰਦਰਸ਼ਿਤ ਕੀਤੇ ਜਾਣ ਮਗਰੋਂ ਹਾਲ ਹੀ ਵਿੱਚ ਵਿਕਸਤ ਕੀਤੇ ਐੱਸਐੱਚ-15, ਏ 155 ਐੱਮਐੱਮ ਟਰੱਕ ਮਾਊਂਟਿਡ ਹੌਵਿਟਜ਼ਰ ਗੰਨ ਨੂੰ ਕੰਟਰੋਲ ਰੇਖਾ ਨੇੜੇ ਕਈ ਥਾਈਂ ਦੇਖਿਆ ਗਿਆ ਹੈ।

ਪਾਕਿਸਤਾਨ ਨੇ ‘ਸ਼ੂਟ ਐਂਡ ਸਕੂਟ’ ਦੇ ਨਾਂ ਨਾਲ ਜਾਣੇ ਜਾਂਦੇ ਤੋਪਖ਼ਾਨੇ ਦੇ ਹਥਿਆਰ 236 ਐੱਸਐੱਚ-15 ਐੱਸ ਦੀ ਸਪਲਾਈ ਸਬੰਧੀ ਚੀਨ ਦੀ ਫਰਮ ਨੌਰਥ ਇੰਡਸਟਰੀਜ਼ ਗਰੁੱਪ ਕਾਰਪੋਰੇਸ਼ਨ ਲਿਮਟਿਡ (ਨੌਰੀਨਕੋ) ਨਾਲ ਸਮਝੌਤਾ ਕੀਤਾ ਹੈ ਅਤੇ ਲੰਡਨ ਆਧਾਰਤ ਜੇਨਜ਼ ਡਿਫੈਂਸ ਮੈਗਜ਼ੀਨ ਅਨੁਸਾਰ ਜਨਵਰੀ 2022 ਵਿੱਚ ਇਸ ਦੀ ਪਹਿਲੀ ਖੇਪ ਪਾਕਿਸਤਾਨ ਨੂੰ ਸੌਂਪੀ ਜਾ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਾਲ 2014 ਦੌਰਾਨ ਸਰਹੱਦੀ ਪੋਸਟਾਂ ‘ਤੇ ਚੀਨੀ ਸੈਨਾ ਦੀ ਹਲਚਲ ਦੇਖੀ ਗਈ ਸੀ। ਕੁਝ ਨੇ ਖੁਲਾਸਾ ਕੀਤਾ ਸੀ ਕਿ ਚੀਨੀ ਸੈਨਾ ਅਤੇ ਇੰਜਨੀਅਰ ਕੰਟਰੋਲ ਰੇਖਾ ਨੇੜੇ ਜ਼ਮੀਨਦੋਜ਼ ਬੰਕਰਾਂ ਅਤੇ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕਰ ਰਹੇ ਹਨ।

ਸੂਤਰਾਂ ਨੇ ਦੱਸਿਆ ਕਿ ਫ਼ੌਜ ਨੇ ਅਧਿਕਾਰਤ ਤੌਰ ਉੱਤੇ ਇਸ ਮੁੱਦੇ ‘ਤੇ ਚੁੱਪ ਧਾਰੀ ਹੋਈ ਹੈ ਪਰ ਖੁਫ਼ੀਆ ਏਜੰਸੀਆਂ ਲਗਾਤਾਰ ਅਪਡੇਟ ਦੇ ਰਹੀਆਂ ਹਨ। ਮਾਹਿਰਾਂ ਅਨੁਸਾਰ ਚੀਨੀ ਸੈਨਾ ਦੀ ਮੌਜੂਦਗੀ ਵਿੱਚ ਪੇਈਚਿੰਗ ਦੇ 46 ਬਿਲੀਅਨ ਡਾਲਰ ਸੀਪੀਈਸੀ ਤਹਿਤ ਕਰਾਚੀ ਦੀ ਗਵਾਧੜ ਬੰਦਰਗਾਹ ਨੂੰ ਚੀਨ ਦੇ ਗ਼ੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਦੇ ਕਰਾਕੁਰਮ ਹਾਈਵੇਅ ਰਾਹੀਂ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਿਆ ਜਾਵੇਗਾ। ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਚੀਨੀ ਮਾਹਿਰ ਮਕਬੂਜ਼ਾ ਕਸ਼ਮੀਰ ਵਿੱਚ ਸਥਿਤ ਲਿਪਾ ਘਾਟੀ ਵਿੱਚ ਕੁਝ ਸੁਰੰਗਾਂ ਦੀ ਖੁਦਾਈ ਕਰ ਰਹੇ ਹਨ ਅਤੇ ਹਰ ਮੌਸਮ ਦੇ ਅਨੁਕੂਲ ਇੱਕ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਰਾਕੁਰਮ ਹਾਈਵੇਅ ਤੱਕ ਪਹੁੰਚਣ ਲਈ ਇੱਕ ਬਦਲਵੇਂ ਰਾਹ ਦਾ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਸਾਲ 2007 ਵਿੱਚ ਚੀਨ ਦੀ ਟੈਲੀਕਾਮ ਕੰਪਨੀ ਨੇ ਪਾਕਿਸਤਾਨ ਦੀ ਟੈਲੀਕਾਮ ਕੰਪਨੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਚੀਨ ਮੋਬਾਈਲ ਪਾਕਿਸਤਾਨ (ਸੀਐੱਮਪੀਏਕੇ) ਦਾ ਗਠਨ ਕੀਤਾ, ਜੋ ਚੀਨ ਮੋਬਾਈਲ ਕਮਿਊਨੀਕੇਸ਼ਨ ਕਾਰਪੋਰੇਸ਼ਨ ਦੀ 100 ਫੀਸਦੀ ਮਾਲਕੀ ਵਾਲੀ ਸਹਾਇਕ ਕੰਪਨੀ ਹੈ। ਪਿਛਲੇ ਸਾਲ ਅਗਸਤ ਵਿੱਚ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਿਟੀ (ਪੀਟੀਏ) ਨੇ ਮਕਬੂਜ਼ਾ ਕਸ਼ਮੀਰ ਵਿੱਚ ਸੀਐੱਮਪੀਏਕੇ (ਜੌਂਗ) ਦਾ ਮੋਬਾਈਲ ਲਾਇਸੈਂਸ ਨਵਿਆਉਣ ਸਮੇਂ ਖੇਤਰ ਵਿੱਚ ਨੈਕਸਟ ਜਨਰੇਸ਼ਨ ਮੋਬਾਈਲ ਸਰਵਿਸਿਜ਼ (ਐੱਨਜੀਐੱਮਐੱਸ) ਸੇਵਾਵਾਂ ਦਾ ਵਿਸਥਾਰ ਕਰਨ ਦੀ ਇਜਾਜ਼ਤ ਦਿੱਤੀ ਸੀ।

ਭਾਰਤ ਨੇ ਪਿਛਲੇ ਸਮੇਂ ਦੌਰਾਨ ਗਿਲਗਿਤ ਅਤੇ ਬਾਲਟਿਸਤਾਨ ਖੇਤਰਾਂ ਵਿੱਚ ਚੀਨ ਦੀ ਮੌਜੂਦਗੀ ਦਾ ਸਖ਼ਤੀ ਨਾਲ ਵਿਰੋਧ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਸਰਹੱਦ ਪਾਰ ਤੋਂ ਕਿਸੇ ਵੀ ਹਰਕਤ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਭਾਰਤ ਅਤੇ ਪਾਕਿਸਤਾਨ 25 ਫਰਵਰੀ, 2021 ਤੋਂ ਗੋਲੀਬੰਦੀ ਦੀ ਪਾਲਣਾ ਕਰ ਰਹੇ ਹਨ। -ਪੀਟੀਆਈ

ਕੰਟਰੋਲ ਰੇਖਾ ‘ਤੇ ਦਬਦਬੇ ਲਈ ਚੀਨ ਨੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕੀਤੇ: ਮਾਹਿਰ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਚੀਨੀ ਸਿੱਖਿਆ ਦੇ ਪ੍ਰੋਫੈਸਰ ਸ੍ਰੀਕਾਂਤ ਕੋਂਡਾਪੱਲੀ, ਜੋ ਕਿ ਚੀਨ ਪ੍ਰਤੀ ਭਾਰਤੀ ਨੀਤੀ ਦੇ ਥਿੰਕ-ਟੈਂਕ ਦਾ ਹਿੱਸਾ ਵੀ ਹਨ, ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਕੰਟਰੋਲ ਰੇਖਾ ‘ਤੇ ਚੀਨ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਕਵਾਇਦ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦਾ ਗੂੜਾ ਮਿੱਤਰ ਹੋਣ ਦੇ ਨਾਤੇ ਭਾਰਤ ‘ਤੇ ਖੇਤਰੀ ਦਬਦਬਾ ਬਣਾਈ ਰੱਖਣ ਦੀ ਨੀਤੀ ਤਹਿਤ ਅਕਸਰ ਦਿੱਤੇ ਜਾਂਦੇ ਬਿਆਨਾਂ ਅਨੁਸਾਰ ਪੇਈਚਿੰਗ ਨੇ ਪਾਕਿਸਤਾਨ ਨਾਲ ਹਥਿਆਰਾਂ ਦਾ ਲੈਣ-ਦੇਣ ਵਧਾਇਆ ਹੈ। ਉਨ੍ਹਾਂ ਕਿਹਾ, ”ਚੀਨ ਨੇ 2014 ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਭਾਰਤ ਦੀ ਪ੍ਰਭੂਸੱਤਾ ਨਾਲ ਜੁੜੇ ਫਿਕਰਾਂ ਦਾ ਉਲੰਘਣ ਕਰਦਿਆਂ ਆਰਥਿਕ ਗਲਿਆਰਾ ਸ਼ੁਰੂ ਕੀਤਾ ਸੀ। ਕਰਾਕੁਰਮ ਹਾਈਵੇਅ ਦੇ ਵਿਸਤਾਰ ਤੋਂ ਇਲਾਵਾ ਚੀਨ ਨੇ ਆਪਣੇ ਪਣ-ਬਿਜਲੀ ਪ੍ਰਾਜੈਕਟਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਅਤਿਵਾਦੀ ਹਮਲਿਆਂ ਤੋਂ ਬਚਾਉਣ ਦੀ ਆੜ ਹੇਠ ਪੀਓਕੇ ਵਿੱਚ ਅੰਦਾਜ਼ਨ 36 ਹਜ਼ਾਰ ‘ਸੁਰੱਖਿਆ ਗਾਰਡ’ ਭੇਜੇ ਹਨ।” ਕੋਂਡਾਪੱਲੀ ਨੇ ਦੱਸਿਆ ਕਿ ਚੀਨ ਮਕਬੂਜ਼ਾ ਕਸ਼ਮੀਰ ਵਿੱਚ ਰਿਹਾਇਸ਼ੀ ਪਿੰਡ ਵਸਾ ਰਿਹਾ ਹੈ। ਉਨ੍ਹਾਂ ਦੱਸਿਆ, ”ਆਧੁਨਿਕ ਲੜਾਈ ਲਈ ਚੌਵੀਂ ਘੰਟੇ ਨਿਗਰਾਨੀ ਦੀ ਲੋੜ ਹੈ ਅਤੇ ਚੀਨ 10 ਸੀਐੱਚ-4ਏ ਡਰੋਨ ਸਪਲਾਈ ਕਰ ਰਿਹਾ ਹੈ, ਜੋ ਉਚਾਈ ਤੋਂ ਜ਼ਮੀਨ ‘ਤੇ ਨਿਗ੍ਹਾ ਰੱਖਣ ਅਤੇ ਸਮੁੰਦਰ ਵਿੱਚ ਪੰਜ ਹਜ਼ਾਰ ਮੀਟਰ ਤੱਕ ਮਾਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਗਏ ਹਨ। ਇਸੇ ਤਰ੍ਹਾਂ 48 ਵਿੰਗ ਲੂੰਗ-II ਡਰੋਨਾਂ ਨੂੰ ਨਿਗਰਾਨੀ ਲਈ ਵਰਤਿਆ ਜਾ ਰਿਹਾ ਹੈ।”

Advertisement
Tags :
Advertisement
Advertisement
×