ਚੀਨ ਨੇ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਕਸ ਲਾਇਆ
ਪੇਈਚਿੰਗ, 4 ਫਰਵਰੀ
ਚੀਨ ਦੇ ਵਣਜ ਮੰਤਰਾਲੇ ਨੇ ਅੱਜ ਐਲਾਨ ਕੀਤਾ ਕਿ ਉਹ ਅਮਰੀਕਾ ਖ਼ਿਲਾਫ਼ ਕਈ ਉਤਪਾਦਾਂ ’ਤੇ ਜਵਾਬੀ ਟੈਕਸ ਲਗਾ ਰਿਹਾ ਹੈ। ਚੀਨ ਨੇ ਨਾਲ ਹੀ ਅਮਰੀਕੀ ਸਰਚ ਇੰਜਣ ‘ਗੂਗਲ’ ਦੀ ਜਾਂਚ ਸਮੇਤ ਹੋਰ ਵਪਾਰ ਸਬੰਧੀ ਉਪਾਅ ਕਰਨ ਦਾ ਵੀ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਕੋਲਾ ਤੇ ਤਰਲ ਕੁਦਰਤੀ ਗੈਸ (ਐੱਲਐੱਨਜੀ) ਉਤਪਾਦਾਂ ’ਤੇ 15 ਫੀਸਦ ਅਤੇ ਕੱਚੇ ਤੇਲ, ਖੇਤੀ ਮਸ਼ੀਨਰੀ ਤੇ ਵੱਡੀਆਂ ਕਾਰਾਂ ’ਤੇ 10 ਫੀਸਦ ਟੈਕਸ ਲਾਇਆ ਜਾਵੇਗਾ। ਬਿਆਨ ’ਚ ਕਿਹਾ ਗਿਆ ਹੈ, ‘ਅਮਰੀਕਾ ਦਾ ਇੱਕਪਾਸੜ ਟੈਕਸ ਵਾਧਾ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਇਹ ਆਪਣੀਆਂ ਸਮੱਸਿਆਵਾਂ ਹੱਲ ਕਰਨ ’ਚ ਕੋਈ ਮਦਦ ਨਹੀਂ ਕਰੇਗਾ ਬਲਕਿ ਇਹ ਚੀਨ ਤੇ ਅਮਰੀਕਾ ਵਿਚਾਲੇ ਆਮ ਆਰਥਿਕ ਤੇ ਵਪਾਰ ਸਹਿਯੋਗ ਨੂੰ ਨੁਕਸਾਨ ਪਹੁੰਚਾਏਗਾ।’ -ਏਪੀ
ਭਾਰਤ ਲਈ ਲਾਹੇਵੰਦ ਹੋ ਸਕਦੀ ਹੈ ਅਮਰੀਕਾ-ਚੀਨ ਵਪਾਰ ਜੰਗ
ਨਵੀਂ ਦਿੱਲੀ:
ਅਮਰੀਕਾ ਤੇ ਚੀਨ ਵਿਚਾਲੇ ਵਪਾਰ ਜੰਗ ਭਾਰਤੀ ਬਰਾਮਦਕਾਰਾਂ ਲਈ ਫਾਇਦੇਮੰਦ ਹੋ ਸਕਦੀ ਹੈ ਕਿਉਂਕਿ ਇਸ ਨਾਲ ਅਮਰੀਕੀ ਬਾਜ਼ਾਰ ’ਚ ਭਾਰਤੀ ਬਰਾਮਦ ਵਧਣ ਦੀ ਉਮੀਦ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਜਦੋਂ ਅਮਰੀਕਾ ਨੇ ਚੀਨ ਦੀਆਂ ਵਸਤਾਂ ’ਤੇ ਟੈਕਸ ਲਾਇਆ ਸੀ ਤਾਂ ਉਸ ਦੌਰਾਨ ਭਾਰਤ ਚੌਥਾ ਸਭ ਤੋਂ ਵੱਧ ਲਾਭ ਹਾਸਲ ਕਰਨ ਵਾਲਾ ਦੇਸ਼ ਸੀ। ਸੂਤਰ ਨੇ ਕਿਹਾ, ‘ਇਸ ਵਪਾਰ ਜੰਗ ਨਾਲ ਭਾਰਤ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ। ਭਾਰਤ ਤੋਂ ਬਰਾਮਦ ’ਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ।’ ਬਰਾਮਦਕਾਰਾਂ ਨੇ ਇਹ ਵੀ ਕਿਹਾ ਕਿ ਚੀਨ ਤੋਂ ਦਰਾਮਦ ’ਤੇ ਅਮਰੀਕਾ ਵੱਲੋਂ ਟੈਕਸ ਲਾਉਣ ਨਾਲ ਭਾਰਤ ਨੂੰ ਅਮਰੀਕਾ ’ਚ ਬਰਾਮਦ ਲਈ ਬਹੁਤ ਮੌਕੇ ਮਿਲਣਗੇ। -ਪੀਟੀਆਈ