ਚੀਨ ਨੇ ਤਾਇਵਾਨ ਦੁਆਲੇ ਵੱਡੀ ਪੱਧਰ ’ਤੇ ਫੌਜੀ ਅਭਿਆਸ ਕੀਤਾ
* ਅਭਿਆਸ ਵਿੱਚ 125 ਜੰਗੀ ਜਹਾਜ਼ਾਂ ਦਾ ਇਸਤੇਮਾਲ ਕੀਤਾ
* ਤਾਇਵਾਨ ਦੀ ਆਜ਼ਾਦੀ ਖ਼ਿਲਾਫ਼ ਚਿਤਾਵਨੀ ਦੇ ਤੌਰ ’ਤੇ ਫੌਜੀ ਅਭਿਆਸ਼ ਸ਼ੁਰੂ ਕੀਤੇ
ਤਾਇਪੈ, 14 ਅਕਤੂਬਰ
ਚੀਨ ਨੇ ਅੱਜ ਤਾਇਵਾਨ ਅਤੇ ਉਸ ਦੇ ਬਾਹਰੀ ਦੀਪਾਂ ਦੇ ਆਸ-ਪਾਸ ਵੱਡੀ ਪੱਧਰ ’ਤੇ ਫੌਜੀ ਅਭਿਆਸ ਕੀਤਾ, ਜਿਸ ਵਿੱਚ ਜੰਗੀ ਜਹਾਜ਼ਾਂ ਦੇ ਨਾਲ ਜਹਾਜ਼ਾਂ ਦੀ ਢੋਆ ਢੁਆਈ ਵਾਲਾ ਸਮੁੰਦਰੀ ਬੇੜਾ ਵੀ ਤਾਇਨਾਤ ਕੀਤਾ ਗਿਆ। ਉਸ ਦਾ ਇਹ ਕਦਮ ਤਾਇਵਾਨ ਦੇ ਪਾਣੀਆਂ ਵਿੱਚ ਤਣਾਅਪੂਰਨ ਸਥਿਤੀ ਨੂੰ ਦਰਸਾਉਂਦਾ ਹੈ। ਚੀਨ ਨੇ ਤਾਇਵਾਨ ਖ਼ਿਲਾਫ਼ ਅਭਿਆਸਾਂ ਵਿੱਚ ਰਿਕਾਰਡ 125 ਮਿਲਟਰੀ ਜਹਾਜ਼ਾਂ ਦਾ ਇਸਤੇਮਾਲ ਕੀਤਾ। ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ ਕਿ ਤਾਇਵਾਨ ਦੇ ਹਵਾਈ ਰੱਖਿਆ ਖੇਤਰ ਵਿੱਚ 90 ਹਵਾਈ ਜਹਾਜ਼ ਦੇਖੇ ਗਏ, ਜਿਨ੍ਹਾਂ ਵਿੱਚ ਜੰਗੀ ਜਹਾਜ਼, ਹੈਲੀਕਾਪਟਰ ਅਤੇ ਡਰੋਨ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਚੀਨ ਨੇ ਤਾਇਵਾਨ ਦੀ ਆਜ਼ਾਦੀ ਖ਼ਿਲਾਫ਼ ਚਿਤਾਵਨੀ ਦੇ ਤੌਰ ’ਤੇ ਅੱਜ ਵੱਡੀ ਪੱਧਰ ’ਤੇ ਫੌਜੀ ਅਭਿਆਸ ਸ਼ੁਰੂ ਕੀਤੇੇ ਹਨ।
ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਅਭਿਆਸ ਤਾਇਵਾਨ ਦੇ ਰਾਸ਼ਟਰਪਤੀ ਲਾਇ ਚਿੰਗ-ਤੇ ਵੱਲੋਂ ਪੇਈਚਿੰਗ ਦੀਆਂ ਉਹ ਮੰਗਾਂ ਮੰਨਣ ਤੋਂ ਇਨਕਾਰ ਕੀਤੇ ਜਾਣ ਦੀ ਪ੍ਰਤੀਕਿਰਆ ਹੈ ਕਿ ਤਾਇਵਾਨ ਖ਼ੁਦ ਨੂੰ ਕਮਿਊਨਿਸਟ ਪਾਰਟੀ ਦੇ ਸ਼ਾਸਨ ਤਹਿਤ ਚੀਨ ਦੇ ਹਿੱਸੇ ਦੇ ਰੂਪ ਵਿੱਚ ਸਵੀਕਾਰ ਕਰੇ। ਇਨ੍ਹਾਂ ਅਭਿਆਸਾਂ ਤੋਂ ਚਾਰ ਦਿਨ ਪਹਿਲਾਂ ਤਾਇਵਾਨ ਨੇ ਆਪਣੇ ਕੌਮੀ ਦਿਵਸ ਮੌਕੇ ਆਪਣੀ ਸਰਕਾਰ ਦੀ ਸਥਾਪਨਾ ਦਾ ਜਸ਼ਨ ਮਨਾਇਆ ਸੀ, ਜਿਸ ਵਿੱਚ ਤਾਇਵਾਨ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਚੀਨ ਨੂੰ ਤਾਇਵਾਨ ਦੀ ਨੁਮਾਇੰਦਗੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਨੇ ‘ਕਬਜ਼ੇ ਦਾ ਵਿਰੋਧ’ ਕਰਨ ਦੀ ਆਪਣੀ ਵਚਨਬੱਧਤਾ ਦਾ ਐਲਾਨ ਕੀਤਾ ਸੀ।
ਤਾਇਵਾਨ ਦੀ ਸੁਰੱਖਿਆ ਕੌਂਸਲ ਦੇ ਜਨਰਲ ਸਕੱਤਰ ਜੋਸਫ ਵੂ ਨੇ ਤਾਇਪੈ ਵਿੱਚ ਕਿਹਾ, ‘ਸਾਡੀ ਫੌਜ ਚੀਨ ਦੀ ਧਮਕੀ ਨਾਲ ਢੁਕਵੇਂ ਢੰਗ ਨਾਲ ਨਜਿੱਠੇਗੀ। ਹੋਰ ਦੇਸ਼ਾਂ ਨੂੰ ਤਾਕਤ ਦੇ ਜ਼ੋਰ ’ਤੇ ਧਮਕਾਉਣਾ ਸ਼ਾਂਤੀਪੂਰਨ ਤਰੀਕੇ ਨਾਲ ਵਿਵਾਦਾਂ ਨੂੰ ਹੱਲ ਕਰਨ ਦੇ ਸਾਂਝੇ ਰਾਸ਼ਟਰ ਚਾਰਟਰ ਦੀ ਮੂਲ ਭਾਵਨਾ ਦੀ ਉਲੰਘਣਾ ਕਰਦਾ ਹੈ।’ ਤਾਇਵਾਨ ਦੇ ਰਾਸ਼ਟਰਪਤੀ ਦਫ਼ਤਰ ਨੇ ਚੀਨ ਨੂੰ ਅਜਿਹੀ ਫੌਜੀ ਭੜਕਾਹਟ ਬੰਦ ਕਰਨ ਦੀ ਅਪੀਲ ਕੀਤੀ ਹੈ। ਚੀਨ ਦੇ ਪੂਰਬੀ ਥੀਏਟਰ ਕਮਾਂਡ ਦੇ ਤਰਜਮਾਨ ਕੈਪਟਨ ਲੀ ਸ਼ੀ ਨੇ ਬਿਆਨ ਵਿੱਚ ਕਿਹਾ, ‘ਇਹ ਉਨ੍ਹਾਂ ਲੋਕਾਂ ਲਈ ਵੱਡੀ ਚਿਤਾਵਨੀ ਹੈ, ਜੋ ਤਾਇਵਾਨ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਨ ਅਤੇ ਸਾਡੀ ਕੌਮੀ ਪ੍ਰਭੂਸੱਤਾ ਦੀ ਰੱਖਿਆ ਲਈ ਸਾਡੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ।’’ -ਏਪੀ