ਚੀਨ ਨੇ ਅਰੁਣਾਚਲ ਤੇ ਅਕਸਾਈ ਚਿਨ ਨੂੰ ਆਪਣੇ ਖਿੱਤੇ ਵਜੋਂ ਦਰਸਾਇਆ
ਪੇਈਚਿੰਗ, 29 ਅਗਸਤ
ਚੀਨ ਨੇ 2023 ਲਈ ਅਧਿਕਾਰਤ ਤੌਰ ’ਤੇ ਜਾਰੀ ਆਪਣੇ ਸਟੈਂਡਰਡ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਖੇਤਰਾਂ ਨੂੰ ਆਪਣੀ ਸਰਜ਼ਮੀਨ ਦੇ ਹਿੱਸੇ ਵਜੋਂ ਦਰਸਾਇਆ ਹੈ। ਸੋਮਵਾਰ ਨੂੰ ਜਾਰੀ ਕੀਤੇ ਇਸ ਨਕਸ਼ੇ ਵਿਚ ਅਰੁਣਾਚਲ ਪ੍ਰਦੇਸ਼, ਜਿਸ ’ਤੇ ਚੀਨ ਦੱਖਣੀ ਤਿੱਬਤ ਵਜੋਂ ਦਾਅਵਾ ਕਰਦਾ ਹੈ, ਅਤੇ 1962 ਦੀ ਜੰਗ ਦੌਰਾਨ ਕਬਜ਼ੇ ਵਿਚ ਲਏ ਅਕਸਾਈ ਚਿਨ ਨੂੰ ਆਪਣੇ ਖੇਤਰ ਵਜੋਂ ਦਿਖਾਇਆ ਹੈ। ਇਸ ਨਵੇਂ ਨਕਸ਼ੇ ਵਿੱਚ ਤਾਇਵਾਨ ਅਤੇ ਵਿਵਾਦਿਤ ਦੱਖਣੀ ਚੀਨ ਸਾਗਰ ਨੂੰ ਵੀ ਚੀਨੀ ਸਰਜ਼ਮੀਨ ’ਚ ਸ਼ਾਮਲ ਕੀਤਾ ਗਿਆ ਹੈ। ਨਕਸ਼ੇ ਵਿਚ ਨਾਈਨ-ਡੈਸ਼ ਲਾਈਨ ’ਤੇ ਚੀਨ ਦੇ ਦਾਅਵਿਆਂ ਨੂੰ ਸੰਮਲਿਤ ਕੀਤਾ ਗਿਆ ਹੈ। ਕੁੱਲ ਮਿਲਾ ਕੇ ਚੀਨ ਦੱਖਣੀ ਚੀਨ ਸਾਗਰ ਦੇ ਇਕ ਵੱਡੇ ਹਿੱਸੇ ’ਤੇ ਦਾਅਵਾ ਜਤਾਇਆ ਹੈ। ਵੀਅਤਨਾਮ, ਫਿਲਪੀਨਜ਼, ਮਲੇਸ਼ੀਆ ਤੇ ਬਰੂਨਈ ਜਿਹੇ ਸਾਰੇ ਮੁਲਕ ਵੀ ਦੱਖਣੀ ਚੀਨ ਸਾਗਰ ਦੇ ਖੇਤਰਾਂ ’ਤੇ ਦਾਅਵਾ ਜਤਾਉਂਦੇ ਹਨ।
ਚਾਈਨਾ ਡੇਲੀ ਅਖ਼ਬਾਰ ਮੁਤਾਬਕ ਚੀਨ ਦੇ ਕੁਦਰਤੀ ਸਰੋਤਾਂ ਬਾਰੇ ਮੰਤਰਾਲੇ ਨੇ ਸੋਮਵਾਰ ਨੂੰ ਜ਼ੇਜਿਆਂਗ ਸੂਬੇ ਦੇ ਡੈਗਿੰਗ ਕਾਊਂਟੀ ਵਿੱਚ ਸਰਵੇਇੰਗ ਤੇ ਮੈਪਿੰਗ ਪਬਲਿਸਿਟੀ ਡੇਅ ਤੇ ਨੈਸ਼ਨਲ ਮੈਪਿੰਗ ਅਵੇਅਰਨੈੱਸ ਪਬਲਸਿਟੀ ਹਫਤੇ ਦੇ ਜਸ਼ਨਾਂ ਵਜੋਂ ਨਵਾਂ ਨਕਸ਼ਾ ਜਾਰੀ ਕੀਤਾ ਹੈ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਹਫ਼ਤੇ ਦੱਖਣੀ ਅਫ਼ਰੀਕਾ ਦੇ ਜੌਹੈੱਨਸਬਰਗ ਵਿਚ ਬਰਿੱਕਸ ਸਿਖਰ ਵਾਰਤਾ ਤੋਂ ਇਕਪਾਸੇ ਮੁਲਾਕਾਤ ਕੀਤੀ ਸੀ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਉਦੋਂ ਕਿਹਾ ਸੀ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ-ਚੀਨ ਸਰਹੱਦੀ ਇਲਾਕਿਆਂ ਦੇ ਪੱਛਮੀ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਅਣਸੁਲਝੇ ਮੁੱਦਿਆਂ ਨਾਲ ਜੁੜੇ ਫਿਕਰਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਸੀ। ਕਵਾਤਰਾ ਨੇ ਕਿਹਾ ਸੀ, ‘‘ਪ੍ਰਧਾਨ ਮੰਤਰੀ ਨੇ ਸਰਹੱਦੀ ਇਲਾਕਿਆਂ ਵਿਚ ਅਮਨ ਦੀ ਬਹਾਲੀ ਤੇ ਟਕਰਾਅ ਵਾਲੇ ਖੇਤਰਾਂ ਵਿਚੋਂ ਫੌਜਾਂ ਨੂੰ ਪਿੱਛੇ ਹਟਾਉਣ ’ਤੇ ਜ਼ੋਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਸੀ ਕਿ ਭਾਰਤ-ਚੀਨ ਰਿਸ਼ਤਿਆਂ ’ਚ ਬਣੀ ਤਲਖੀ ਨੂੰ ਘਟਾਉਣ ਲਈ ਅਸਲ ਕੰਟਰੋਲ ਰੇਖਾ ਦਾ ਸਤਿਕਾਰ ਜ਼ਰੂਰੀ ਹੈ। ਇਸ ਸਬੰਧ ਵਿਚ ਦੋਵਾਂ ਆਗੂਆਂ ਨੇ ਫੌਜਾਂ ਪਿੱਛੇ ਹਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਬਾਰੇ ਸਹਿਮਤੀ ਵੀ ਦਿੱਤੀ ਸੀ।’’ ਚਾਈਨਾ ਡੇਲੀ, ਜੋ ਚੀਨੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਪ੍ਰਾਪੇਗੰਡਾ ਵਿਭਾਗ ਦੀ ਮਾਲਕੀ ਵਾਲਾ ਅਖ਼ਬਾਰ ਹੈ, ਮੁਤਾਬਕ ਕੁਦਰਤੀ ਸਰੋਤਾਂ ਬਾਰੇ ਚੀਨੀ ਮੰਤਰਾਲੇ ਦੇ ਮੁੱਖ ਪਲਾਨਰ ਵੂ ਵੈੱਨਜ਼ੌਂਗ ਨੇ ਕਿਹਾ ਕਿ ਸਰਵੇਇੰਗ, ਮੈਪਿੰਗ ਤੇ ਭੂਗੋਲਿਕ ਜਾਣਕਾਰੀ ਦੀ ਕਿਸੇ ਵੀ ਦੇਸ਼ ਦੇ ਵਿਕਾਸ ਨੂੰ ਹੱਲਾਸ਼ੇਰੀ ਦੇਣ ’ਚ ਅਹਿਮ ਭੂਮਿਕਾ ਹੈ ਤੇ ਇਹ ਜੀਵਨ ਦੇ ਹਰ ਖੇਤਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ, ਕੁਦਰਤੀ ਸਰੋਤਾਂ ਦੇ ਪ੍ਰਬੰਧਨ ਵਿਚ ਮਦਦਗਾਰ ਹੋਣ ਦੇ ਨਾਲ ਤਹਿਜ਼ੀਬ ਤੇ ਵਾਤਾਵਰਨ ਦੀ ਉਸਾਰੀ ਵਿੱਚ ਵੀ ਸਹਾਇਤਾ ਕਰਦਾ ਹੈ। ਦੱਸ ਦੇਈਏ ਕਿ ਚੀਨ ਦਾ ਪ੍ਰਦੇਸ਼ਕ ਵਿਵਾਦ ਕਿਸੇ ਇਕ ਮੁਲਕ ਤੱਕ ਸੀਮਤ ਨਹੀਂ ਹੈ। ਸ਼ੀ ਜਿਨਪਿੰਗ ਦੀ ਅਗਵਾਈ ਵਿੱਚ ਚੀਨੀ ਕਮਿਊਨਿਸਟ ਪਾਰਟੀ ਨੇ ਹੋਰਨਾਂ ਸਿਰਮੌਰ ਖੇਤਰਾਂ ’ਤੇ ਕੰਟਰੋਲ ਲਈ ਫਰੇਬੀ ਤੇ ਜੋੜ-ਤੋੜ ਦੀਆਂ ਜੁਗਤਾਂ ਵਰਤੀਆਂ। ਪੇਈਚਿੰਗ ਨੇ ਹੋਰਨਾਂ ਖੇਤਰਾਂ ਨੂੰ ਆਪਣੇ ਕਬਜ਼ੇ ਵਿਚ ਲੈੈਣ ਲਈ ਸਾਰੇ ਕੌਮਾਂਤਰੀ ਨੇਮਾਂ ਦੀ ਵੀ ਉਲੰਘਣਾ ਕੀਤੀ। ਚੀਨ ਨੇ ਹੁਣ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ’ਤੇ ਦਾਅਵਾ ਜਤਾਇਆ ਹੈ। ਚੀਨ ਦੀ ਦਲੀਲ ਹੈ ਕਿ ਇਹ ਉੁਸ ਦੇ ਤਿੱਬਤ ਦਾ ਹਿੱਸਾ ਹੈ। ਇਹੀ ਨਹੀਂ ਪੇਈਚਿੰਗ ਨੇ ਇਸ ਸਾਲ ਅਪਰੈਲ ਵਿੱਚ ਇਕਤਰਫ਼ਾ ਢੰਗ ਨਾਲ 11 ਭਾਰਤੀ ਲੋਕੇਸ਼ਨਾਂ, ਜਿਨ੍ਹਾਂ ਵਿਚ ਪਹਾੜੀ ਚੋਟੀਆਂ, ਨਦੀਆਂ ਤੇ ਰਿਹਾਇਸ਼ੀ ਇਲਾਕੇ ਵੀ ਸ਼ਾਮਲ ਸਨ, ਦੇ ਚੀਨੀ ਨਾਂ ਰੱਖ ਦਿੱਤੇ ਸਨ। ਉਂਜ ਇਹ ਪਹਿਲੀ ਵਾਰ ਨਹੀਂ ਜਦੋਂ ਪੇਈਚਿੰਗ ਅਜਿਹੀਆਂ ਜੁਗਤਾਂ ਵਰਤ ਰਿਹਾ ਹੈ। ਸਾਲ 2017 ਤੇ 2021 ਵਿੱਚ ਵੀ ਚੀਨ ਦੇ ਸਿਵਲ ਮਾਮਲਿਆਂ ਬਾਰੇ ਮੰਤਰਾਲੇ ਨੇ ਕੁਝ ਭਾਰਤੀ ਲੋਕੇਸ਼ਨਾਂ ਦੇ ਨਵੇਂ ਸਿਰੇ ਤੋਂ ਨਾਂ ਰੱਖੇ ਸਨ। ਨਵੀਂ ਦਿੱਲੀ ਨੇ ਉਦੋਂ ਚੀਨ ਦੀ ਘੇਰਾ ਵਧਾਉਣ ਦੀ ਇਸ ਯੋਜਨਾ ਨੂੰ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਪਹਿਲਾਂ ਕਿਹਾ ਸੀ ਕਿ ਨਾਮ ਬਦਲਣ ਨਾਲ ਹਕੀਕਤ ਨਹੀਂ ਬਦਲ ਜਾਂਦੀ। -ਏਐੱਨਆਈ
ਚੀਨ ਵੱਲੋਂ ਕੀਤਾ ਦਾਅਵਾ ‘ਹਾਸੋਹੀਣਾ’: ਐਸ. ਜੈਸ਼ੰਕਰ
ਨਵੀਂ ਦਿੱਲੀ: ਭਾਰਤ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਖੇਤਰਾਂ ਨੂੰ ‘ਸਟੈਂਡਰਡ ਨਕਸ਼ੇ’ ਵਿੱਚ ਆਪਣੀ ਸਰਜ਼ਮੀਨ ਵਜੋਂ ਦਰਸਾਉਣ ਲਈ ਚੀਨ ਕੋਲ ਸਖ਼ਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਚੀਨ ਦੇ ਇਸ ਦਾਅਵੇ ਨੂੰ ‘ਹਾਸੋਹੀਣਾ ਤੇ ਬੇਤੁਕਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਭਾਰਤੀ ਖੇਤਰ ਚੀਨ ਦੇ ਖੇਤਰ ਨਹੀਂ ਬਣ ਜਾਣਗੇ। ਉਧਰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਾ ਹੈ ਕਿਉਂਕਿ ਇਨ੍ਹਾਂ ਦਾ ਕੋਈ ਅਧਾਰ ਨਹੀਂ ਹੈ ਤੇ ਚੀਨ ਦੀ ਅਜਿਹੀ ਪੇਸ਼ਕਦਮੀ ਸਬੰਧਤ ਸਰਹੱਦੀ ਖੇਤਰ ਵਿੱਚ ਮਸਲੇ ਨੂੰ ਹੋਰ ‘ਗੁੰਝਲਦਾਰ’ ਬਣਾਏਗੀ। ਬਾਗਚੀ ਨੇ ਕਿਹਾ, ‘‘ਅਸੀਂ ਕੂਟਨੀਤਕ ਚੈਨਲਾਂ ਜ਼ਰੀਏ ਚੀਨ ਕੋਲ ਆਪਣਾ ਸਖ਼ਤ ਰੋਸ ਦਰਜ ਕਰਵਾ ਦਿੱਤਾ ਹੈ।’’ -ਪੀਟੀਆਈ
ਅਰੁਣਾਚਲ ਤੇ ਅਕਸਾਈ ਚਿਨ ਭਾਰਤ ਦੇ ਅਟੁੱਟ ਅੰਗ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਨੂੰ ਚੀਨੀ ਨਕਸ਼ੇ ਵਿੱਚ ਸ਼ਾਮਲ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਦੋਵੇਂ ਖੇਤਰ ਭਾਰਤ ਦੇ ਅਟੁੱਟ ਅੰਗ ਹਨ ਅਤੇ ‘ਆਦਤਨ ਅਪਰਾਧੀ’ ਵੱੱਲੋਂ ਆਪਹੁਦਰੇ ਢੰਗ ਨਾਲ ਤਿਆਰ ਨਕਸ਼ੇ ਨਾਲ ਇਸ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ। ਪਾਰਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਜੀ-20 ਸਿਖਰ ਵਾਰਤਾ ਵਿਚ ਆਲਮੀ ਮੰਚ ਤੋਂ ਭਾਰਤੀ ਖੇਤਰ ’ਤੇ ਕਬਜ਼ੇ ਦੀਆਂ ਚੀਨੀ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰੇ। ਵੇਰਵੇ ਸਫ਼ਾ 7 ’ਤੇ