ਚੀਨ: ਭੀੜ ’ਤੇ ਕਾਰ ਚੜ੍ਹੀ; 35 ਹਲਾਕ, 43 ਜ਼ਖ਼ਮੀ
ਬੈਂਕਾਕ, 12 ਨਵੰਬਰ
ਚੀਨ ਦੇ ਦੱਖਣੀ ਸ਼ਹਿਰ ਝੁਹਾਈ ਵਿੱਚ ਕਾਰ ਨੇ ਸਪੋਰਟਸ ਸੈਂਟਰ ਵਿੱਚ ਕਸਰਤ ਕਰ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 35 ਵਿਅਕਤੀ ਮਾਰੇ ਗਏ ਤੇ 43 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ 62 ਸਾਲਾ ਕਾਰ ਚਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਕਿ ਇਹ ਹਮਲਾ ਸੀ ਜਾਂ ਹਾਦਸਾ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬੀਤੀ ਰਾਤ ਕਰੀਬ 7.48 ਵਜੇ ਦੀ ਇਸ ਘਟਨਾ ਮਗਰੋਂ ਇਲਾਕੇ ਵਿੱਚ ਨਿਗਰਾਨੀ ਸਖ਼ਤ ਵਧਾ ਦਿੱਤੀ ਗਈ ਹੈ ਕਿਉਂਕਿ ਝੁਹਾਈ ਏਅਰਸ਼ੋਅ ਮੰਗਲਵਾਰ ਤੋਂ ਸ਼ੁਰੂ ਹੋ ਚੁੱਕਿਆ ਹੈ। ਪੁਲੀਸ ਨੇ ਕਾਰ ਚਾਲਕ ਦੀ ਪਛਾਣ ਸਿਰਫ਼ ਉਸ ਦੇ ਉਪਨਾਮ ਫੈਨ ਨਾਲ ਕੀਤੀ। ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਵਾਹਨ ਨੇ ਸੋਮਵਾਰ ਸ਼ਾਮ ਨੂੰ ਕਈ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਸੀ। ਘਟਨਾ ਨਾਲ ਸਬੰਧਤ ਵੀਡੀਓ ਵਿਚ ਫਾਇਰ ਵਿਭਾਗ ਦਾ ਕਰਮਚਾਰੀ ਵਿਅਕਤੀ ਨੂੰ ‘ਸੀਪੀਆਰ’ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਨਿਊਜ਼ ਬਲੌਗਰ ਲੀ ਯਿੰਗ ਨੇ ਵੀਡੀਓ ਸਾਂਝੀ ਕੀਤੀ ਹੈ ਜੋ ‘ਐਕਸ’ ’ਤੇ ਟੀਚਰ ਲੀ ਦੇ ਨਾਮ ਨਾਲ ਮਕਬੂਲ ਹੈ। ਵੀਡੀਓ ਵਿੱਚ ਦਰਜਨਾਂ ਲੋਕ ਖੇਡ ਕੰਪਲੈਕਸ ਵਿੱਚ ਦੌੜਨ ਵਾਲੇ ਟਰੈਕ ’ਤੇ ਪਏ ਦਿਖਾਈ ਦੇ ਰਹੇ ਹਨ। -ਏਪੀ
ਸ਼ੀ ਨੇ ਲੋਕਾਂ ਦੀ ਮਦਦ ਦੇ ਹੁਕਮ ਦਿੱਤੇ
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਨਹੂਆ ਦੀ ਖਬਰ ਮੁਤਾਬਕ ਸ਼ੀ ਨੇ ਮੁਲਜ਼ਮ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣ ਦੀ ਗੱਲ ਕਹੀ ਹੈ।