ਭਾਰਤ-ਅਮਰੀਕਾ ਸਬੰਧਾਂ ਤੋਂ ਚੀਨ ਤੇ ਰੂਸ ਚਿੰਤਤ: ਅਮਰੀਕੀ ਡਿਪਲੋਮੈਟ
ਵਾਸ਼ਿੰਗਟਨ, 17 ਸਤੰਬਰ
ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਕਿਹਾ ਕਿ ਚੀਨ ਅਤੇ ਰੂਸ ਮਜ਼ਬੂਤ ਹੋ ਰਹੇ ਭਾਰਤ-ਅਮਰੀਕਾ ਸਬੰਧਾਂ ਕਾਰਨ ਚਿੰਤਤ ਹਨ ਕਿਉਂਕਿ ਇਹ ਸਬੰਧ ਸਮਾਜ ਵਿਚ ਵੱਖ-ਵੱਖ ਆਵਾਜ਼ਾਂ ਨੂੰ ਅਹਿਮੀਅਤ ਦੇਣ ਦੇ ਨਾਲ ਹੀ ਸ਼ਾਂਤੀ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਨੂੰ ਉਤਸ਼ਾਹਿਤ ਕਰਦੇ ਹਨ। ਪ੍ਰਬੰਧਨ ਤੇ ਵਸੀਲਿਆਂ ਦੇ ਉਪ ਵਿਦੇਸ਼ ਮੰਤਰੀ ਰਿਚਰਡ ਵਰਮਾ ਨੇ ਵੱਕਾਰੀ ‘ਹਡਸਨ ਇੰਸਟੀਚਿਊਟ’ ਵਿਚ ਭਾਰਤ-ਅਮਰੀਕਾ ਸਬੰਧਾਂ ਬਾਰੇ ਟਿੱਪਣੀਆਂ ਕਰਨ ਮਗਰੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ‘ਤੁਹਾਨੂੰ ਕੀ ਲਗਦਾ ਹੈ ਕਿ ਚੀਨ ਅਤੇ ਰੂਸ ਇਸ ਭਾਈਵਾਲੀ ਨੂੰ ਲੈ ਕੇ ਇੰਨੇ ਚਿੰਤਤ ਕਿਉਂ ਹਨ? ਕਿਉਂਕਿ ਅਸੀਂ ਦੁਨੀਆਂ ਦੇ ਬਾਕੀ ਹਿੱਸਿਆਂ ਵਿੱਚ ਜੀਵਨ ਦਾ ਅਜਿਹਾ ਰੂਪ ਪੇਸ਼ ਕਰਦੇ ਹਾਂ, ਜੋ ਸ਼ਾਂਤੀ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ, ਕਾਨੂੰਨ ਦੇ ਸ਼ਾਸਨ ਬਾਰੇ ਹੈ ਅਤੇ ਇਹ ਸਮਾਜ ਵਿੱਚ ਹਰ ਕਿਸੇ ਦੀ ਆਵਾਜ਼ ਨੂੰ ਸੁਣਨ ਸਬੰਧੀ ਵੀ ਹੈ।’ ਵਰਮਾ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਅਮਰੀਕਾ ਦੇ ਕੁਝ ਵਿਰੋਧੀਆਂ ਦੇ ਤੌਰ-ਤਰੀਕਿਆਂ ਤੋਂ ‘ਬਹੁਤ ਵੱਖਰੇ’ ਹਨ। ਉਨ੍ਹਾਂ ਕਿਹਾ ਕਿ ਇਸ ਵਿਲੱਖਣਤਾ ਕਾਰਨ ਹੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ‘ਇਸ ਸਦੀ ਦਾ ਫ਼ੈਸਲਾਕੁਨ ਸਬੰਧ’ ਕਰਾਰ ਦਿੱਤਾ ਹੈ। ‘ਕੁਆਡ’ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਉਤਸ਼ਾਹਿਤ ਕਰਨਾ ਹੈ। ਇਸ ਸਾਲ ਕੁਆਡ ਦੀ ਮੇਜ਼ਬਾਨੀ ਭਾਰਤ ਨੇ ਕਰਨੀ ਸੀ ਪਰ ਹੁਣ ਉਹ ਅਗਲੇ ਸਾਲ ਇਹ ਸਿਖ਼ਰ ਸੰਮੇਲਨ ਕਰਵਾਏਗਾ। -ਪੀਟੀਆਈ