ਚੀਨ: ਬੱਸ ਦੀ ਟੱਕਰ ਕਾਰਨ 11 ਹਲਾਕ; 13 ਜ਼ਖ਼ਮੀ
ਪੇਈਚਿੰਗ, 3 ਸਤੰਬਰ
ਪੂਰਬੀ ਚੀਨ ਵਿੱਚ ਸ਼ਾਂਦੌਂਗ ਸੂਬੇ ਦੇ ਮਿੱਡਲ ਸਕੂਲ ਦੇ ਗੇਟ ’ਤੇ ਅੱਜ ਤੜਕੇ ਇਕੱਠੇ ਹੋਏ ਵਿਦਿਆਰਥੀਆਂ ਨੂੰ ਬੱਸ ਨੇ ਦਰੜ ਦਿੱਤਾ, ਜਿਸ ਵਿੱਚ 11 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 13 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਵਿਦਿਆਰਥੀ ਸਵੇਰੇ ਲਗਪਗ ਸਾਢੇ ਸੱਤ ਵਜੇ ਪੂਰਬੀ ਸੂਬੇ ਸ਼ਾਂਦੌਂਗ ਦੇ ਤਾਈਆਨ ਸ਼ਹਿਰ ਵਿੱਚ ਸਕੂਲ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਵਿਦਿਆਰਥੀਆਂ ਨੂੰ ਛੱਡਣ ਲਈ ਕਿਰਾਏ ’ਤੇ ਲਈ ਬੱਸ ‘ਬੇਕਾਬੂ’ ਹੋ ਗਈ ਅਤੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 13 ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਬੱਸ ਡਰਾਈਵਰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਪਸ਼ਟ ਨਹੀਂ ਹੋਇਆ ਕਿ ਇਹ ਹਾਦਸਾ ਸੀ ਜਾਂ ਬੱਚਿਆਂ ’ਤੇ ਜਾਣ-ਬੁੱਝ ਕੇ ਕੀਤਾ ਗਿਆ ਹਮਲਾ ਸੀ।
ਹਾਲ ਹੀ ਦੇ ਸਾਲਾਂ ਦੌਰਾਨ ਚੀਨ ਵਿੱਚ ਸਕੂਲੀ ਬੱਚਿਆਂ ’ਤੇ ਹਮਲਿਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਕਈ ਵਾਰ ਚਾਕੂ ਜਾਂ ਘਰ ਵਿੱਚ ਬਣੇ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਹ ਹਮਲੇ ਆਮ ਤੌਰ ’ਤੇ ਕਿਸੇ ਵਿਅਕਤੀ ਜਾਂ ਸਮਾਜ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਕੀਤੇ ਗਏ ਹਨ। -ਪੀਟੀਆਈ