ਬੱਲ੍ਹੋ ਵਿੱਚ ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
ਸ਼ਗਨ ਕਟਾਰੀਆ
ਬਠਿੰਡਾ, 4 ਅਗਸਤ
ਪਿੰਡ ਬੱਲ੍ਹੋ ਦੀ ‘ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ’ ਵੱਲੋਂ ਖਾਲਸਾ ਏਡ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਪਿੰਡ ਦੀ ਯੂਥ ਲਾਇਬਰੇਰੀ ਵਿੱਚ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਕੰਪਿਊਟਰ ਕੋਰਸਾਂ ਦੀ ਸਿਖਲਾਈ ਲੈ ਰਹੇ ਲੜਕੇ-ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਪੁਜ਼ੀਸ਼ਨਾਂ ਕੱਢੀਆਂ ਗਈਆਂ।
ਕੰਪਿਊਟਰ ਅਧਿਆਪਕ ਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ 30 ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਨ੍ਹਾਂ ਤੋਂ ਜਵਾਬ ਪੁੱਛੇ ਗਏ। ਪ੍ਰੀਖਿਆ ’ਚ ਭਾਗ ਲੈਣ ਵਾਲੀਆਂ ਟੀਮਾਂ ਵਿੱਚੋਂ ਰਾਜਵਿੰਦਰ ਸਿੰਘ, ਜਸਪ੍ਰੀਤ ਕੌਰ, ਰਮਨਦੀਪ ਕੌਰ, ਗੁਰਕੀਰਤ ਕੌਰ ਅਤੇ ਮਨਪ੍ਰੀਤ ਕੌਰ ਨੇ ਸਾਰੀਆਂ ਟੀਮਾਂ ਵਿੱਚੋਂ ਸਭ ਤੋਂ ਵਧੀਆਂ ਸੁਆਲਾਂ ਦੇ ਜਵਾਬ ਦਿੱਤੇ। ਇਸ ਮੌਕੇ ਜੇਤੂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਇਨਾਮ ਵੰਡੇ ਗਏ। ਇਸ ਤੋਂ ਪਹਿਲਾਂ ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ 100 ਦੇ ਕਰੀਬ ਲੜਕੇ ਲੜਕੀਆਂ ਨੂੰ ਆਪਣੇ ਘਰਾਂ ਦੇ ਨੇੜੇ ਰਹਿ ਕੇ ਕੰਪਿਊਟਰ ਦੀ ਸਿਖਲਾਈ ਦੇ ਚੁੱਕੀ ਹੈ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈ ਬੱਚਿਆਂ ਦੀ ਪੜ੍ਹਾਈ ਲਈ ਸੰਸਥਾ ਨਿਰਵਿਘਨ ਯਤਨ ਕਰਦੀ ਰਹਿੰਦੀ ਹੈ। ਇਸ ਮੌਕੇ ਲਾਇਬਰੇਰੀਅਨ ਰਾਜਵਿੰਦਰ ਕੌਰ, ਜਸਨੀਤ ਕੌਰ ਅਤੇ ਕਰਮਜੀਤ ਸਿੰਘ ਹਾਜ਼ਰ ਸਨ।