ਬੱਚਿਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ ਸ਼ੁਰੂ
ਪ੍ਰਭੂ ਦਿਆਲ
ਸਿਰਸਾ, 14 ਅਕਤੂਬਰ
ਜ਼ਿਲ੍ਹਾ ਪਰਿਸ਼ਦ ਦੇ ਸੀਈਓ ਸੁਭਾਸ਼ ਚੰਦਰ ਨੇ ਕਿਹਾ ਕਿ ਮੁਕਾਬਲਿਆਂ ਨਾਲ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ। ਉਹ ਅੱਜ ਬਾਲ ਭਵਨ ’ਚ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬਾਲ ਦਿਵਸ ਦੇ ਸਬੰਧ ’ਚ ਕਰਵਾਏ ਜਾ ਰਹੇ ਸੋਲੋ ਡਾਂਸ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਦਾ ਉਦਘਾਟਨ ਕਰਨ ਮਗਰੋਂ ਬੱਚਿਆਂ ਨੂੰ ਸੰਬੋਧਨ ਕਰ ਰਹੇ ਸਨ। ਮੁਕਾਬਲਿਆਂ ਦਾ ਆਗਾਜ਼ ਮਾਂ ਸਰਸਵਤੀ ਦੀ ਤਸਵੀਰ ਅੱਗੇ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ। ਜ਼ਿਲ੍ਹਾ ਬਾਲ ਭਲਾਈ ਅਫ਼ਸਰ ਪੂਨਮ ਨਾਗਪਾਲ ਨੇ ਦੱਸਿਆ ਕਿ ਬਾਲ ਭਲਾਈ ਕੌਂਸਲ ਵੱਲੋਂ 22 ਅਕਤੂਬਰ ਤੱਕ ਵੱਖ-ਵੱਖ ਵਰਗਾਂ ਵਿੱਚ 44 ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿੱਚ ਪਹਿਲਾ ਗਰੁੱਪ 5ਵੀਂ ਜਮਾਤ ਤੱਕ, ਦੂਜਾ ਗਰੁੱਪ 6ਵੀਂ ਤੋਂ 8ਵੀਂ ਜਮਾਤ ਤੱਕ, ਤੀਜਾ ਗਰੁੱਪ 9ਵੀਂ ਤੋਂ 10ਵੀਂ ਜਮਾਤ ਤੱਕ ਅਤੇ ਚੌਥਾ ਗਰੁੱਪ 11ਵੀਂ ਤੋਂ 12ਵੀਂ ਜਮਾਤ ਤੱਕ ਬਣਾਇਆ ਗਿਆ ਹੈ। ਵੱਖ-ਵੱਖ ਗਰੁੱਪਾਂ ਵਿੱਚ ਸੋਲੋ ਡਾਂਸ, ਪੋਸਟਰ ਮੇਕਿੰਗ, ਫੈਂਸੀ ਡਰੈੱਸ, ਫਨ ਗੇਮਜ਼ ਲੜਕੇ-ਲੜਕੀਆਂ, ਰੰਗੋਲੀ, ਸੋਲੋ ਗੀਤ ਤੇ ਕਲਸ਼ ਸਜਾਵਟ ਦੇ ਮੁਕਾਬਲੇ ਕਰਵਾਏ ਜਾਣਗੇ।