For the best experience, open
https://m.punjabitribuneonline.com
on your mobile browser.
Advertisement

ਲਾਲ ਕਿਲ੍ਹੇ ’ਤੇ ਬੱਚਿਆਂ ਦੇ ਗਤਕਾ ਮੁਕਾਬਲੇ

09:05 AM Apr 30, 2024 IST
ਲਾਲ ਕਿਲ੍ਹੇ ’ਤੇ ਬੱਚਿਆਂ ਦੇ ਗਤਕਾ ਮੁਕਾਬਲੇ
ਲਾਲ ਕਿਲ੍ਹੇ ’ਤੇ ਗਤਕਾ ਖੇਡਦੇ ਹੋਏ ਬੱਚੇ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਦਿੱਲੀ ਫ਼ਤਹਿ ਦਿਵਸ ਦੇ ਦੂਜੇ ਦਿਨ ਅੱਜ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਖਾਲਸਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਗੱਤਕਾ ਖੇਡਿਆ। ਦਿੱਲੀ ਫਤਿਹ ਦਿਵਸ ਦੇ ਦੂਜੇ ਦਿਨ ਜਮਨਾ ਬਜ਼ਾਰ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਕੀਤਾ ਗਿਆ ਜਿਸ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਤੇ ਹੋਰ ਨਿਹੰਗ ਸਿੰਘਾਂ ਦੇ ਜਥਿਆਂ ਨੇ ਘੋੜਿਆਂ ਅਤੇ ਹਾਥੀਆਂ ’ਤੇ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਗੱਤਕਾ ਟੀਮਾਂ ਨੇ ਸਾਰੇ ਰਸਤੇ ਵਿਚ ਗੱਤਕੇ ਦੇ ਜੌਹਰ ਵਿਖਾਏ। ਨਿਹੰਗ ਸਿੰਘਾਂ ਨੇ ਪੂਰੇ ਮਾਰਚ ਦੌਰਾਨ ਖਾਲਸਈ ਜਾਹੋ ਜਲਾਲ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਸ਼ਸਤਰ ਵੀ ਸਜਾਏ ਹੋਏ ਸਨ। ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਲ ਕਿਲ੍ਹੇ ’ਤੇ ਹਮਲਾ ਕਰ ਕੇ ਸ਼ਾਹ ਆਲਮ ਦੂਜੇ ਨੂੰ ਹਰਾਉਣ ਦੇ ਇਹ ਜਸ਼ਨ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਮਨਾਏ ਜਾਂਦੇ ਹਨ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਮੁਗਲਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਮਾਤ ਮਿਲੀ ਸੀ। ਇਨ੍ਹਾਂ ਮਹਾਨ ਜਰਨੈਲਾਂ ਨੇ ਇਸ ਫਤਹਿ ਮਗਰੋਂ 10 ਮਹੀਨਿਆਂ ਤੱਕ ਦਿੱਲੀ ਵਿਚ ਡੇਰੇ ਲਗਾ ਕੇ ਗੁਰੂ ਸਾਹਿਬਾਨ ਨਾਲ ਜੁੜੇ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਤੇ ਉਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਿਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ ਤੇ ਹੋਰ ਗੁਰੂ ਘਰ ਸੁਸ਼ੋਭਿਤ ਹਨ। ਮਾਰਚ ਦੀ ਸਮਾਪਤੀ ਮਗਰੋਂ ਲਾਲ ਕਿਲ੍ਹੇ ’ਤੇ ਹੀ ਵਿਦਿਆਰਥੀਆਂ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਗਏ। ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜੇ ਅੱਜ ਕੌਮੀ ਰਾਜਧਾਨੀ ਵਿਚ ਸੰਗਤ ਗੁਰੂ ਘਰਾਂ ਦੇ ਦਰਸ਼ਨ ਕਰ ਕੇ ਜੀਵਨ ਸਫਲ ਕਰਦੀਆਂ ਹਨ ਤਾਂ ਇਹ ਮਹਾਨ ਜਰਨੈਲਾਂ ਦੀ ਬਦੌਲਤ ਹੀ ਹੈ।

Advertisement

Advertisement
Author Image

Advertisement
Advertisement
×