ਵਿਦਿਅਕ ਅਦਾਰਿਆਂ ’ਚ ਬਾਲ ਦਿਵਸ ਮਨਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਅੱਜ ਬਾਲ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਤੋਂ ਹੋਈ, ਜਿਸ ਵਿੱਚ ਬੱਚਿਆਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨਾਲ ਸਬੰਧਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਬੱਚਿਆਂ ਨੇ ਵੱਖ-ਵੱਖ ਨਾਚਾਂ ਰਾਹੀਂ ਸਾਰਿਆਂ ਦਾ ਮਨ ਮੋਹ ਲਿਆ। ਇਸੇ ਤਰ੍ਹਾਂ ਬੱਚਿਆਂ ਦੀਆਂ ਕਈ ਰੌਚਕ ਖੇਡਾਂ ਵੀ ਕਰਵਾਈਆਂ ਗਈਆਂ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਅਤੇ ਡਿਪਟੀ ਡਾਇਰੈਕਟਰ ਸੁਨੀਤਾ ਕੁਮਾਰੀ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਚਿਲਡਰਨ ਡੇਅ ਦੀਆਂ ਬੱਚਿਆਂ ਨੂੰ ਵਧਾਈਆਂ ਦਿੰਦਿਆਂ ਮਹਿਤਨ ਕਰਕੇ ਹਰ ਮੈਦਾਨ ਫਤਹਿ ਕਰਨ ਲਈ ਪ੍ਰੇਰਿਤ ਕੀਤਾ।
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਿੱਚ ਵੀ ਚਿਲਡਰਨ ਡੇਅ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਦੀ ਪ੍ਰੀ-ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਰੰਗਾਂ ਨਾਲ ਗੁਲਾਬ ਦੇ ਫੁੱਲ ਬਣਾਏ। ਕਈ ਵਿਦਆਰਥੀਆਂ ਨੇ ਕਵਿਤਾ ਲਿਖਣ ਮੁਕਾਬਲੇ ਵਿੱਚ ਹਿੱਸਾ ਲਿਆ। ਰੌਚਕ ਖੇਡਾਂ ਇਸ ਸਮਾਗਮ ਦਾ ਸਿਖਰ ਹੋ ਨਬਿੜੀਆਂ। ਪ੍ਰਿੰਸੀਪਲ ਗੁਰਮੰਤ ਕੌਰ ਗਿੱਲ ਨੇ ਵਧੀਆ ਪ੍ਰੋਗਰਾਮ ਕਰਵਾਉਣ ਲਈ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਕੋਆਰਡੀਨੇਟਰ ਅਭੀਨੀਤ ਕੌਰ ਸਰਨਾ ਨੇ ਵੀ ਬੱਚਿਆਂ ਨੂੰ ਚਿਲਡਰਨ ਡੇਅ ਦੀ ਵਧਾਈ ਦਿੱਤੀ।
ਸਮਰਾਲਾ (ਪੱਤਰ ਪ੍ਰੇਰਕ): ਮੈਕਸ ਆਰਥਰ ਮੈਕਾਲਿਫ ਸਕੂਲ ਵਿੱਚ ਪ੍ਰਿੰਸੀਪਲ ਮੋਨਿਕਾ ਦੀ ਅਗਵਾਈ ਹੇਠ ਬਾਲ ਦਿਵਸ ਮਨਾਇਆ ਗਿਆ। ਸਭ ਤੋਂ ਪਹਿਲਾ ਪੰਡਿਤ ਜਵਾਹਰਲਾਲ ਨਹਿਰੂ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ ਅਤੇ ਅਧਿਆਪਕਾਂ ਵੱਲੋਂ ਭਾਸ਼ਣ ਰਾਹੀਂ ਬੱਚਿਆਂ ਨੂੰ ਨਹਿਰੂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਨੇ ਬੱਚਿਆ ਦੀ ਭਲਾਈ ਵੱਲ ਧਿਆਨ ਦਿੱਤਾ ਅਤੇ 1955 ਵਿੱਚ ਚਿਲਡਰਨ ਫਿਲਮ ਸੁਸਾਇਟੀ ਇੰਡੀਆ ਦੀ ਸਥਾਪਨਾ ਵੀ ਕੀਤੀ ਤਾਂ ਜੋ ਭਾਰਤੀ ਬੱਚੇ ਆਪਣੇ ਆਪ ਨੂੰ ਨੁਮਾਇੰਦਗੀ ਕਰਦੇ ਦੇਖ ਸਕਣ। ਇਸ ਮੌਕੇ ਬਾਲ ਦਿਵਸ ਸਬੰਧਤ ਬੱਚਿਆ ਨੂੰ ਫਿਲਮ ਦਿਖਾਈ ਗਈ ਤੇ ਸੱਭਿਆਚਾਰਕ ਗੀਤ, ਗਿੱਧਾ ਅਤੇ ਭੰਗੜਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਨੇ ਬੱਚਿਆਂ ਨੂੰ ਦੱਸਿਆ ਕਿ ਹਰ ਇੱਕ ਇਨਸਾਨ ਵਿੱਚ ਇੱਕ ਬੱਚਾ ਹੁੰਦਾ ਹੈ, ਜਿਸ ਨੂੰ ਹਮੇਸ਼ਾ ਜਿਊਂਦਾ ਰੱਖਣਾ ਹੀ ਆਸ਼ਾਵਾਦੀ ਮਨੁੱਖ ਦੀ ਨਿਸ਼ਾਨੀ ਹੈ। ਇਸ ਮੌਕੇ ਬੱਚਿਆਂ ਨੂੰ ਸਕੂਲ ਵਿੱਚ ਮਠਿਆਈਆਂ ਵੰਡੀਆਂ ਗਈਆਂ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਦੇਸ਼ ਭਗਤ ਯਾਦਗਾਰ ਸੁਸਾਇਟੀ ਪੰਜਾਬ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬੱਚਿਆਂ ਨਾਲ ਮਿਲ ਕੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਕੇਕ ਕੱਟ ਕੇ ਮਨਾਇਆ ਗਿਆ। ਰਾਗਨੀ ਬਾਵਾ, ਰਾਈਨਾ ਠਾਕੁਰ ਅਤੇ ਰਮਨ ਸ਼ਰਮਾ ਆਦਿ ਬੱਚੀਆਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਇਸ ਸਮੇਂ ਬਾਵਾ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਦੇਸ਼ ਦੇ ਵਿਕਾਸ ਦੀ ਨੀਂਹ ਰੱਖੀ ਸੀ। ਇਸ ਮੌਕੇ ਰੇਸ਼ਮ ਸਿੰਘ ਸੱਗੂ ਮੀਤ ਪ੍ਰਧਾਨ ਓਬੀਸੀ ਵਿਭਾਗ ਪੰਜਾਬ, ਭਗਵਾਨ ਦਾਸ ਬਾਵਾ, ਰਜਿੰਦਰ ਬਾਵਾ ਆਦਿ ਨੇ ਵੀ ਸੰਬੋਧਨ ਕੀਤਾ।
ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਵਿੱਚ ਅੱਜ ਬਾਲ ਦਿਵਸ ਮਨਾਇਆ ਗਿਆ। ਇਸ ਦੀ ਸ਼ੁਰੂਆਤ ਕਵੀਸ਼ਰੀ ਗਾਇਨ ਨਾਲ ਹੋਈ। ਸਕੂਲ ਦੇ ਚਾਰ ਹਾਊਸ ਦੇ ਅਧਿਆਪਕਾਂ ਨੇ ਆਪਣੀਆਂ ਆਪਣੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦਾ ਮਨੋਰੰਜਨ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਸਕੂਲ ਦੇ ਪਹਿਲੇ ਦਿਨ ਤੋਂ ਸਕੂਲ ਤੋਂ ਵਿਦਾਇਗੀ ਤੱਕ ਦੇ ਸਮੇਂ ਦੇ ਸਫ਼ਰ ਨੂੰ ਰੋਮਾਂਚਿਕ ਢੰਗ ਨਾਲ ਪੇਸ਼ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦੇ ਅਧਿਆਪਕਾਂ ਨੇ ਜ਼ਿੰਦਗੀ ’ਚ ਵਿੱਦਿਆ ਦੀ ਮਹੱਤਤਾ ਬਾਰੇ ਦੱਸਿਆ। ਸਾਹਿਬਜ਼ਾਦਾ ਜ਼ੋਰਾਵਰ ਹਾਊਸ ਦੇ ਅਧਿਆਪਕਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਜ਼ਿੰਦਗੀਆਂ ਦੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਦਰਸਾਇਆ। ਸਾਹਿਬਜ਼ਾਦਾ ਫਤਹਿ ਸਿੰਘ ਹਾਊਸ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਅਖੀਰ ’ਚ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਵੱਖਰੇ ਢੰਗ ਨਾਲ ਦਿੱਤੀ ਸਿੱਖਿਆ ਦੀ ਸ਼ਲਾਘਾ ਕਰਦਿਆਂ ਵਿਦਿਆਰਥੀ ਨੂੰ ਸਹੀ ਮਾਰਗ ’ਤੇ ਚੱਲਣ ਲਈ ਪ੍ਰੇਰਿਆ।