ਵਿਦਿਅਕ ਸੰਸਥਾਵਾਂ ਵਿੱਚ ਬਾਲ ਦਿਵਸ ਮਨਾਇਆ
ਪੱਤਰ ਪ੍ਰੇਰਕ
ਪਠਾਨਕੋਟ, 14 ਨਵੰਬਰ
ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਬਲਕਾਰ ਅੱਤਰੀ, ਕੁਸੁਮ ਸ਼ਰਮਾ ਆਦਿ ਵੀ ਹਾਜ਼ਰ ਸਨ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਡੀਜੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਬਾਲ ਦਿਵਸ, ਬਾਲ ਮੇਲਿਆਂ ਦੇ ਰੂਪ ਵਿੱਚ ਮਨਾਇਆ ਗਿਆ। ਇਸ ਦਿਨ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਨਿੱਕੇ ਵਿਦਿਆਰਥੀਆਂ ਨੇ ਸਰੀਰਕ, ਬੌਧਿਕ ਅਤੇ ਰਚਨਾਤਮਕ ਗਤੀਵਿਧੀਆਂ ਕਰਕੇ ਸਾਰਿਆਂ ਦਾ ਧਿਆਨ ਖਿੱਚਿਆ।
ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਕਲਾਕ੍ਰਿਤੀਆਂ ਦੇ ਸਟਾਲ ਲਗਾਏ ਗਏ। ਇਸ ਮੌਕੇ ਸਾਲ 2024-25 ਲਈ ਦਾਖਲੇ ਦੀ ਵੀ ਸ਼ੁਰੂਆਤ ਕੀਤੀ ਗਈ। ਉਪ-ਜ਼ਿਲ੍ਹਾ ਸਿੱਖਿਆ ਅਫਸਰ ਡੀਜੀ ਸਿੰਘ ਅਤੇ ਬੀਪੀਈਓ ਨਰੇਸ਼ ਪਨਿਆੜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲਿਕਪੁਰ ਸਮੇਤ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਬਾਲ ਮੇਲਿਆਂ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਨੰਨ੍ਹੇ ਮੁੰਨੇ ਬੱਚਿਆਂ ਦਾ ਹੌਂਸਲਾ ਵਧਾਇਆ। ਬਾਲ ਮੇਲਿਆਂ ਵਿੱਚ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ, ਪੰਚਾਂ, ਸਰਪੰਚਾਂ ਤੇ ਯੂਥ ਕਲੱਬਾਂ ਦੇ ਮੈਂਬਰਾਂ ਆਦਿ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੁਜਾਨਪੁਰ ਵਿੱਚ ਪ੍ਰਿੰਸੀਪਲ ਲਤਾ ਸ਼ਰਮਾ ਦੀ ਅਗਵਾਈ ਵਿੱਚ ਬਾਲ ਦਿਵਸ ਮਨਾਇਆ ਗਿਆ। ਜਿਸ ਵਿੱਚ ਐਡਵੋਕੇਟ ਮਮਤਾ ਸਮਕਾਰੀਆ ਅਤੇ ਪੈਰਾ ਲੀਗਲ ਵਾਲੰਟੀਅਰ (ਪੀਐਲਵੀ) ਵਿਨੋਦ ਕੁਮਾਰ ਮੁੱਖ ਰੂਪ ਵਿੱਚ ਸ਼ਾਮਲ ਹੋਏ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਬਾਲ ਦਿਵਸ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ।
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿੱਚ ਪ੍ਰਿੰਸੀਪਲ ਠਾਕੁਰ ਪ੍ਰਵੀਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਾਲ ਦਿਵਸ ਮਨਾਇਆ ਗਿਆ| ਇਸ ਮੌਕੇ ਅਸੈਂਬਲੀ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਤੋਂ ਇਲਾਵਾ ਜਵਾਹਰ ਲਾਲ ਨਹਿਰੂ ਦੇ ਜੀਵਨ ’ਤੇ ਭਾਸ਼ਣ, ਸਵਾਲ ਜਵਾਬ, ਕਵਿਤਾ ਅਤੇ ਗੀਤ ਪੇਸ਼ ਕੀਤੇ ਗਏ। ਜੂਨੀਅਰ ਵਿੰਗ ਦੇ ਬੱਚਿਆਂ ਵੱਲੋਂ ਵੱਖਰੀਆਂ-ਵੱਖਰੀਆਂ ਗਤੀਵਿਧੀਆਂ ਕੀਤੀਆਂ ਗਈਆਂ। ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਟੱਗ ਆਫ਼ ਵਾਰ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਐਮ.ਡੀ. ਜੈ ਦੀਪ ਸਿੰਘ ਅਤੇ ਪ੍ਰਿੰਸੀਪਲ ਡਾ. ਪ੍ਰਵੀਨ ਸਿੰਘ ਨੇ ਵਿਦਿਆਰਥੀਆਂ ਨੂੰ ਜਵਾਹਰ ਲਾਲ ਨਹਿਰੂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਬਾਲ ਦਿਵਸ ਦੀ ਵਧਾਈ ਦਿੱਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਖੇਤਰ ਦੇ ਕਈ ਸਕੂਲਾਂ ਵਿੱਚ ਅੱਜ ਬਾਲ ਦਿਵਸ ਮਨਾਇਆ ਗਿਆ ਜਿਸ ਦੌਰਾਨ ਬੱਚਿਆਂ ਨੇ ਜਵਾਹਰ ਲਾਲ ਨਹਿਰੂ ਦੀ ਪੁਸ਼ਾਕ ਪਹਿਨ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਯਾਦ ਕੀਤਾ| ਤਰਨ ਤਾਰਨ ਮਮਤਾ ਨਿਕੇਤਨ ਸਕੂਲ ਵਿੱਚ ਕੀਤੀ ਇਕ ਸਭਾ ਨੂੰ ਸੰਸਥਾ ਦੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਸੰਬੋਧਨ ਕਰਦਿਆਂ ਬਾਲਾਂ ਨੂੰ ਸਿੱਖਿਆ ਦੇਣ ਅਤੇ ਸਮਾਜ ਵਿੱਚੋਂ ਬਾਲ ਮਜ਼ਦੂਰੀ ਦਾ ਖਾਤਮਾ ਕਰਨ ’ਤੇ ਜ਼ੋਰ ਦਿੱਤਾ| ਇਸੇ ਤਰ੍ਹਾਂ ਮਾਝਾ ਕਾਲਜ ਫਾਰ ਵਿਮੈੱਨ ਵਿੱਚ ਪ੍ਰਿੰਸੀਪਲ ਡਾ. ਹਰਮਿੰਦਰ ਕੌਰ ਨੇ ਸੰਬੋਧਨ ਕੀਤਾ।