ਡੀਏਵੀ ਸਕੂਲ ’ਚ ਬਾਲ ਦਿਵਸ ਸਬੰਧੀ ਸਮਾਗਮ
ਮਿਹਰ ਸਿੰਘ
ਕੁਰਾਲੀ, 14 ਨਵੰਬਰ
ਸਥਾਨਕ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਚਾਚਾ ਨਹਿਰੂ ਨੂੰ ਯਾਦ ਕਰਦਿਆਂ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਕਰਵਾਏ ਗਏ ਇੰਟਰ ਹਾਊਸ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਜੇਆਰ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿਦਿਆਰਥੀਆਂ ਦੇ ਮੁਕਾਬਲਿਆਂ ਦੌਰਾਨ ਪ੍ਰਾਇਮਰੀ ਵਿੰਗ ਵਿੱਚ ਪੰਜਾਬੀ ਡਾਂਸ ਵਿੱਚ ਸਮ੍ਰਿਤੀ, ਅੰਗਰੇਜ਼ੀ ਡਾਂਸ ਵਿੱਚ ਤਨਵੀ, ਹਿੰਦੀ ਡਾਂਸ ਵਿੱਚ ਹਨੀਸ਼ਾ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ, ਜਦਕਿ ਮਿਡਲ ਵਿੰਗ ਵਿੱਚ ਪੰਜਾਬੀ ਡਾਂਸ ਵਿੱਚ ਲਵੱਨਿਆ, ਹਿੰਦੀ ਡਾਂਸ ਵਿੱਚ ਜਗਦੀਪ ਕੌਰ ਅਤੇ ਅੰਗਰੇਜ਼ੀ ਡਾਂਸ ਵਿੱਚ ਐਂਜਲ ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਪ੍ਰਿੰਸੀਪਲ ਜੇ.ਆਰ ਸ਼ਰਮਾ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਰਾਕੇਸ਼ ਕੁਮਾਰੀ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ। ਸਮਾਗਮ ਦੌਰਾਨ ਅੰਤਰ ਹਾਊਸ ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਚੰਡੀਗੜ੍ਹ (ਟਨਸ): ਸਰਕਾਰੀ ਹਾਈ ਸਕੂਲ ਮਲੋਆ ਕਲੋਨੀ ਵਿੱਚ ਬਾਲ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਬਾਲ ਦਿਵਸ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ| ਇਸ ਉਪਰੰਤ ਸਕੂਲ ਦੇ ਅਧਿਆਪਕ ਮਦਨ ਪਾਲ ਅਤੇ ਸਿਮਰਤ ਕੌਰ ਵੱਲੋਂ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਬੱਚਿਆਂ ਨੇ ਗੀਤ, ਐਕਟਿੰਗ, ਡਾਂਸ, ਕਵਿਤਾਵਾਂ ਅਤੇ ਬਾਲ ਖੇਡ ਪੇਸ਼ ਕੀਤੇ| ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਵਤਾਰ ਸਿੰਘ ਨੇ ਬੱਚਿਆਂ ਨੂੰ ਬਾਲ ਦਿਵਸ ਅਤੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਆਖਿਆ| ਉਨ੍ਹਾਂ ਸਟਾਫ ਦਾ ਧੰਨਵਾਦ ਵੀ ਕੀਤਾ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬਾਲ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ 55 ਸਕੂਲਾਂ ਦੇ 680 ਵਿਦਿਆਰਥੀਆਂ ਨੂੰ ਅੱਜ ਬਾਲ ਦਿਵਸ ਮੌਕੇ ਪੰਚਾਇਤ ਭਵਨ ਦੇ ਆਡੀਟੋਰੀਅਮ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡ ਕੇ ਬਾਲ ਦਿਵਸ ਮਨਾਇਆ
ਰੂਪਨਗਰ: ਅੱਜ ਰੋਟਰੀ ਕਲੱਬ ਸੈਂਟਰਲ ਰੂਪਨਗਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਕੌੜੀ ਖੁਰਦ, ਸਰਕਾਰੀ ਮਿਡਲ ਸਕੂਲ ਭੰਗਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਦੇ ਵਿਦਿਆਰਥੀਆਂ ਨਾਲ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ ਦੀ ਅਗਵਾਈ ਅਧੀਨ ਜਿੱਥੇ ਉਕਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਤੋਹਫੇ ਵੱਜੋਂ ਸਰਦੀਆਂ ਤੋਂ ਬਚਣ ਲਈ ਸਵੈਟਰ ਵੰਡੇ ਗਏ, ਉੱਥੇ ਹੀ ਕਿ ਵਾਤਾਵਰਨ ਦੇ ਸਬੰਧ ਵਿੱਚ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਐਡਵੋਕੇਟ ਹਰਸਿਮਰ ਸਿੰਘ ਸਿੱਟਾ, ਰੋਟੇਰੀਅਨ ਸ਼ਿਵ ਕੁਮਾਰ ਸੈਣੀ, ਰੋਟੇਰੀਅਨ ਗਗਨਦੀਪ ਸਿੰਘ, ਕਰਮਜੀਤ ਕੌਰ, ਰੀਨਾ, ਮਾਸਟਰ ਦਵਿੰਦਰ ਸਿੰਘ ਚਨੌਲੀ, ਮਹਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ