For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਕਿਤਾਬਾਂ ਮਿਲਣ ਦੀ ਆਸ

07:15 AM Mar 18, 2024 IST
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸੈਸ਼ਨ ਸ਼ੁਰੂ ਹੁੰਦੇ ਹੀ ਕਿਤਾਬਾਂ ਮਿਲਣ ਦੀ ਆਸ
ਪੰਜਾਬੀ ਭਵਨ ਵਿੱਚ ਬਣੇ ਖੇਤਰੀ ਦਫਤਰ ’ਚ ਗੱਡੀ ਤੋਂ ਕਿਤਾਬਾਂ ਲਾਹੁੰਦੇ ਹੋਏ ਕਾਮੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਰਕਾਰ ਵੱਲੋਂ ਹਰ ਸਾਲ ਦਿੱਤੀਆਂ ਜਾਂਦੀਆਂ ਮੁਫਤ ਕਿਤਾਬਾਂ ਇਸ ਵਾਰ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਮਿਲਣ ਦੀ ਸੰਭਾਵਨਾ ਬਣ ਗਈ ਹੈ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ 11 ਲੱਖ ਤੋਂ ਵੱਧ ਕਿਤਾਬਾਂ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ ਕਈ ਵਾਰ ਅੱਧਾ ਸੈਸ਼ਨ ਲੰਘ ਜਾਣ ਤੱਕ ਵੀ ਵਿਦਿਆਰਥੀਆਂ ਨੂੰ ਪੂਰੇ ਵਿਸ਼ਿਆਂ ਦੀਆਂ ਕਿਤਾਬਾਂ ਨਹੀਂ ਮਿਲਦੀਆਂ ਸਨ, ਜਿਸ ਕਰ ਕੇ ਵਿਦਿਆਰਥੀਆਂ ਦੀ ਨਾ ਸਿਰਫ ਪੜ੍ਹਾਈ ਖਰਾਬ ਹੁੰਦੀ ਸੀ ਸਗੋਂ ਉਨ੍ਹਾਂ ਨੂੰ ਵੱਧ ਪੈਸੇ ਖਰਚ ਕਰਕੇ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਸਨ। ਬੋਰਡ ਦੇ ਪੰਜਾਬੀ ਭਵਨ ਸਥਿਤ ਖੇਤਰੀ ਦਫ਼ਤਰ ਦੇ ਸਹਾਇਕ ਮੈਨੇਜਰ ਕਪਿਲ ਸ਼ਰਮਾ ਨੇ ਕਿਹਾ ਕਿ 28-29 ਮਾਰਚ ਤੱਕ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ 19 ਬਲਾਕਾਂ ਤੱਕ ਪਹੁੰਚ ਜਾਣਗੀਆਂ। ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਹੂਲਤ ਲਈ ਹਰ ਸਾਲ ਮੁਫਤ ਕਿਤਾਬਾਂ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਹ ਕਿਤਾਬਾਂ ਪਹਿਲਾਂ ਬੋਰਡ ਦੇ ਖੇਤਰੀ ਦਫਤਰ ਤੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪਹੁੰਚਾਈਆਂ ਜਾਂਦੀਆਂ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਕਿਤਾਬਾਂ ਬਲਾਕ ਪੱਧਰ ’ਤੇ ਪਹੁੰਚਾ ਦਿੱਤੀਆਂ ਜਾਂਦੀਆਂ ਹਨ, ਜਿੱਥੋਂ ਅੱਗੋਂ ਵੱਖ-ਵੱਖ ਸਕੂਲਾਂ ਵਾਲੇ ਖੁਦ ਲੈ ਕੇ ਜਾਂਦੇ ਹਨ। ਇਸ ਵਾਰ ਵੀ ਵੱਖ-ਵੱਖ ਸਰਕਾਰੀ ਸਕੂਲਾਂ ਦੀ 23 ਲੱਖ ਕਿਤਾਬਾਂ ਦੀ ਮੰਗ ਹੈ ਅਤੇ ਇਸ ਵਿੱਚੋਂ 11 ਲੱਖ ਕਿਤਾਬਾਂ ਜ਼ਿਲ੍ਹੇ ਦੇ ਵੱਖ-ਵੱਖ 19 ਬਲਾਕਾਂ ਵਿੱਚ ਪਹੁੰਚ ਗਈਆਂ ਹਨ। ਬਾਕੀ ਰਹਿੰਦੀਆਂ 12 ਲੱਖ ਦੇ ਕਰੀਬ ਕਿਤਾਬਾਂ ਵੀ ਆਉਂਦੇ ਦਿਨਾਂ ਵਿੱਚ ਪਹੁੰਚਣ ਦੀ ਉਮੀਦ ਹੈ। ਕਿਤਾਬਾਂ ਦੀ ਸਮੇਂ ਸਿਰ ਵੰਡ ਲਈ ਐਤਵਾਰ ਛੁੱਟੀ ਵਾਲੇ ਦਿਨ ਵੀ ਖੇਤਰੀ ਦਫਤਰ ਪਹੁੰਚੇ ਸਹਾਇਕ ਮੈਨੇਜਰ ਕਪਿਲ ਸ਼ਰਮਾ ਨੇ ਦੱਸਿਆ ਕਿ ਕਿਤਾਬਾਂ ਬਲਾਕਾਂ ਤੱਕ ਪੁੱਜਦੀਆਂ ਕਰਨ ਦੀ ਮੁਹਿੰਮ 11 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ। ਹੁਣ ਤੱਕ 32 ਵਿਸ਼ਿਆਂ ਦੀਆਂ 11 ਲੱਖ ਤੋਂ ਵੱਧ ਕਿਤਾਬਾਂ ਵੱਖ-ਵੱਖ ਬਲਾਕਾਂ ਵਿੱਚ ਪਹੁੰਚਾ ਦਿੱਤੀਆਂ ਗਈਆਂ ਹਨ। ਜਿਉਂ-ਜਿਉਂ ਹੋਰ ਕਿਤਾਬਾਂ ਖੇਤਰੀ ਦਫਤਰ ਪਹੁੰਚ ਰਹੀਆਂ ਹਨ, ਉਨ੍ਹਾਂ ਨੂੰ ਬਲਾਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 28-29 ਮਾਰਚ ਤੱਕ ਸਾਰੀਆਂ ਕਿਤਾਬਾਂ ਪਹੁੰਚਾ ਦਿੱਤੀਆਂ ਜਾਣਗੀਆਂ।
ਬਲਾਕ ਮਾਂਗਟ-1 ਦੇ ਬੀਪੀਈਓ ਰਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਵਿੱਚ 70 ਫੀਸਦੀ ਕਿਤਾਬਾਂ ਪਹੁੰਚ ਗਈਆਂ ਹਨ। ਇਸ ਵਾਰ ਦਾ ਸੈਸ਼ਨ ਪਹਿਲੀ ਅਪਰੈਲ ਨੂੰ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਦਿਨ ਹੀ ਵਿਦਿਆਰਥੀਆਂ ਨੂੰ ਨਵੀਆਂ ਕਿਤਾਬਾਂ ਵੰਡ ਦਿੱਤੀਆਂ ਜਾਣਗੀਆਂ।

Advertisement

Advertisement
Author Image

sanam grng

View all posts

Advertisement
Advertisement
×