ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਇਕੱਠੇ ਪੜ੍ਹ ਰਹੇ ਨੇ ਰਿਕਸ਼ੇ ਵਾਲਿਆਂ ਅਤੇ ਜੱਜਾਂ ਦੇ ਬੱਚੇ: ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਦਤੀਆ/ਚੰਡੀਗੜ੍ਹ, 9 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਸੇਵਢਾ ਤੇ ਦਤੀਆ ਵਿੱਚ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਨੇ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਸਕੂਲਾਂ ਵਿੱਚ ਵਧੀਆ ਪ੍ਰਬੰਧ ਦੇ ਚਲਦਿਆਂ ਅੱਜ ਮਜ਼ਦੂਰਾਂ, ਰਿਕਸ਼ਾ ਚਾਲਕਾਂ ਦੇ ਬੱਚੇ ਤੇ ਜੱਜਾਂ ਅਤੇ ਅਫਸਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਇਕੱਠੇ ਪੜ੍ਹ ਰਹੇ ਹਨ।
ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਡੇਢ ਸਾਲ ਵਿੱਚ 700 ਦੇ ਕਰੀਬ ਮੁਹੱਲਾ ਕਲੀਨਿਕ ਬਣਾਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 60 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਜਿਲੀ ਦਿੱਤੀ ਤੇ 37 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਪੰਜਾਬ ਵਿੱਚ ਫਿਰ 596 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।
ਸ੍ਰੀ ਮਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਨੇ ਲੋਕਾਂ ਦੇ ਕੰਮ ਕਰਨ ਦੀ ਥਾਂ ਭ੍ਰਿਸ਼ਟਾਚਾਰ ਨੂੰ ਜ਼ੋਰ-ਸ਼ੋਰ ਨਾਲ ਉਤਸ਼ਾਹਤਿ ਕੀਤਾ ਹੈ। ਅੱਜ ਮੱਧ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ‘ਆਪ’ ਦੀ ਸਰਕਾਰ ਬਣਨ ’ਤੇ ਮੱਧ ਪ੍ਰਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਨੇਤਾਵਾਂ ਨੇ ਦੇਸ਼ ਦੀ ਜਨਤਾ ਨਾਲ ਸਿਰਫ਼ ਜੁਮਲੇਬਾਜ਼ੀ ਕੀਤੀ ਹੈ। ਭਾਜਪਾ ਨੇ ਆਪਣੇ ਸਾਢੇ ਨੌਂ ਸਾਲਾਂ ਦੇ ਸ਼ਾਸਨ ਦੌਰਾਨ ਆਮ ਲੋਕਾਂ ਲਈ ਕੁਝ ਵੀ ਚੰਗਾ ਨਹੀਂ ਕੀਤਾ।
ਇਸ ਦੇ ਉਲਟ ‘ਆਪ’ ਨੇ ਪਹਿਲਾਂ ਦਿੱਲੀ ਅਤੇ ਫੇਰ ਪੰਜਾਬ ਵਿੱਚ ਵਧੇਰੇ ਲੋਕ ਪੱਖੀ ਕੰਮ ਕਰਦਿਆਂ ਇਤਿਹਾਸਕ ਫੈਸਲੇ ਲਏ ਹਨ।