ਬੱਚਿਆਂ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਪਠਾਨਕੋਟ, 16 ਨਵੰਬਰ
ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਬਾਲ ਦਿਵਸ ਮੌਕੇ ਪਠਾਨਕੋਟ ਦੇ ਜੇਐਮਕੇ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨਾਲ ਸੰਵਾਦ ਕਰਕੇ ਬੱਚੇ ਕਾਫੀ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਦਾ ਮਨੋਬਲ ਵਧਿਆ। ਰਾਸ਼ਟਰਪਤੀ ਨੇ ਵੀ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਇਸ ਤਰ੍ਹਾਂ ਬੱਚਿਆਂ ਦਾ ਰਾਸ਼ਟਰਪਤੀ ਭਵਨ ਦਾ ਦੌਰਾ ਕਰਨਾ ਪਠਾਨਕੋਟ ਜ਼ਿਲ੍ਹੇ ਲਈ ਇੱਕ ਮਾਣ ਵਾਲੀ ਗੱਲ ਹੈ। ਰਾਸ਼ਟਰਪਤੀ ਭਵਨ ਦੇ ਸੈਂਟਰਲ ਹਾਲ ਵਿੱਚ ਬਾਲ ਦਿਵਸ ’ਤੇ ਸਮਾਗਮ ਲਈ ਜ਼ਿਲ੍ਹੇ ਦੇ ਜੇਐਮਕੇ ਸਕੂਲ ਦੇ ਬੱਚਿਆਂ ਦਾ ਚੋਣ ਕੀਤੀ ਗਈ ਸੀ। ਸਕੂਲ ਦੀ ਡਾਇਰੈਕਟਰ ਤਾਨੀਆ ਸੂਦ, ਪ੍ਰਿੰਸੀਪਲ ਵਿਨੀਤਾ ਮਹਾਜਨ, ਅਧਿਆਪਕ ਅਨੁਜ ਧੀਮਾਨ ਨਾਲ ਵਿਦਿਆਰਥੀ ਜਤਿਨ ਸ਼ਰਮਾ, ਉਸਨਮ ਸਿੰਘ, ਵਿਦਿਆਰਥਣ ਮਾਨਵੀ ਸ਼ਰਮਾ ਅਤੇ ਵਿਦਿਆਰਥਣ ਵੇਦੀ ਉਥੇ ਸਮਾਗਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਰਾਸ਼ਟਰਪਤੀ ਨੇ ਬੱਚਿਆਂ ਨੂੰ ਭਾਰਤੀ ਦੀ ਸੱਭਿਆਚਾਰ ਨਾਲ ਜੁੜੇ ਰਹਿਣ, ਹਮੇਸ਼ਾਂ ਆਪਣੇ ਮਾਤਾ-ਪਿਤਾ ਦਾ ਸਨਮਾਨ ਕਰਨ ਅਤੇ ਮਾਤਰਭੂਮੀ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਡਾਇਰੈਕਟਰ ਤਾਨੀਆ ਸੂਦ ਅਤੇ ਪ੍ਰਿੰਸੀਪਲ ਵਿਨੀਤਾ ਮਹਾਜਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।