ਨੱਥੂਵਾਲ ਦੇ ਐਲੀਮੈਂਟਰੀ ਸਕੂਲ ਕੋਲ ਸੁੱਟੇ ਕੂੜੇ ਤੋਂ ਬੱਚੇ ਪ੍ਰੇਸ਼ਾਨ
ਜਗਜੀਤ ਸਿੰਘ
ਮੁਕੇਰੀਆਂ, 29 ਨਵੰਬਰ
ਕੰਢੀ ਖੇਤਰ ਦੇ ਪਿੰਡ ਨੱਥੂਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਲ ਕਿਸੇ ਸ਼ਹਿਰੀ ਖੇਤਰ ਦਾ ਕੂੜਾ ਕਿਸੇ ਅਣਪਛਾਤੇ ਵਾਹਨ ਵਲੋਂ ਸੁੱਟੇ ਜਾਣ ਕਾਰਨ ਫੈਲੀ ਗੰਦਗੀ ਤੋਂ ਵਿਦਿਆਰਥੀ ਤੇ ਰਾਹਗੀਰ ਪ੍ਰੇਸ਼ਾਨ ਹੋਣ ਲੱਗੇ ਹਨ। ਇਹ ਕੂੜਾ ਬੀਤੀ ਰਾਤ ਕਿਸੇ ਨਗਰ ਕੌਂਸਲ ਦੇ ਵਾਹਨ ਵੱਲੋਂ ਸੁੱਟਿਆ ਦੱਸਿਆ ਜਾ ਰਿਹਾ ਹੈ, ਜਿਸ ਦੀਆਂ ਤਸਵੀਰਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪਿੰਡ ਨੱਥੂਵਾਲ ਦੀ ਸਰਪੰਚ ਮੀਰਾ ਦੇਵੀ, ਦਿਲਾਵਰ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਅਧਿਆਪਕਾਵਾਂ ਸੁਨੀਤਾ ਦੇਵੀ ਅਤੇ ਕਿਰਨਾ ਦੇਵੀ ਨੇ ਦੱਸਿਆ ਕਿ ਸਕੂਲ ਦੇ ਨਜ਼ਦੀਕ ਹੀ ਬੀਤੀ ਰਾਤ ਕਿਸੇ ਵਾਹਨ ਰਾਹੀਂ ਸ਼ਹਿਰੀ ਗੰਦਗੀ ਸੁੱਟੀ ਗਈ ਹੈ ਜਿਸ ਦਾ ਪਤਾ ਸਵੇਰੇ ਸਕੂਲੇ ਆਏ ਵਿਦਿਆਰਥੀਆਂ ਨੂੰ ਫੈਲੀ ਬਦਬੂ ਤੋਂ ਲੱਗਾ।
ਪਿੰਡ ਦੀ ਸਰਪੰਚ ਨੇ ਦੱਸਿਆ ਕਿ ਇਹ ਕੂੜਾ, ਕਮਾਹੀ ਦੇਵੀ ਸੜਕ ਤੋਂ ਬਹਿ ਲੱਖਣ ਨੂੰ ਜਾਂਦੀ ਸੰਪਰਕ ਸੜਕ ਦੇ ਕਿਨਾਰੇ ਅਤੇ ਸਕੂਲ ਦੇ ਬਿੱਲਕੁੱਲ ਨਜ਼ਦੀਕ ਸੁੱਟਿਆ ਗਿਆ ਹੈ। ਇੱਥੇ ਫਿਰਦੇ ਅਵਾਰਾ ਪਸ਼ੂਆਂ ਵਲੋਂ ਕੂੜੇ ਵਿੱਚਲੀ ਗੰਦਗੀ ਫਰਲੋਣ ਕਰਕੇ ਆਸ ਪਾਸ ਬਦਬੂ ਫੈਲਣ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ਰਾਹੀਂ ਕਰੀਬ ਦਰਜ਼ਨ ਭਰ ਪਿੰਡਾਂ ਦੇ ਰਾਹਗੀਰ ਅਤੇ ਕਮਾਹੀ ਦੇਵੀ ਅਤੇ ਤਲਵਾੜਾ ਸਮੇਤ ਦਾਤਾਰਪੁਰ ਦੇ ਵੱਖ ਵੱਖ ਸਕੂਲਾਂ ਨੂੰ ਜਾਂਦੇ ਵਿਦਿਆਰਥੀ ਪੈਦਲ ਗੁਜ਼ਰਦੇ ਹਨ ਜਿਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਪ੍ਰਸਾਸ਼ਨ ਅਤੇ ਸਿਹਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਆਮ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਹੋ ਰਹੀ ਭਾਰੀ ਮੁ਼ਸ਼ਕਲ ਕਾਰਨ ਇਹ ਕੂੜਾ ਇੱਥੋਂ ਚੁਕਵਾਇਆ ਜਾਵੇ ਅਤੇ ਕੂੜਾ ਸੁੱਟਣ ਵਾਲੇ ਵਾਹਨ ਦੀ ਸ਼ਨਾਖਤ ਕਰਕੇ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੰਚ ਬਲਵਿੰਦਰ ਸਿੰਘ, ਰਘੂਨਾਥ ਸਿੰਘ, ਬਲਵੀਰ ਸਿੰਘ, ਸਰਵਣ ਸਿੰਘ, ਤਰੁਣ ਕੁਮਾਰ, ਅਜੈ ਕੁਮਾਰ ਸਮੇਤ ਪਿੰਡ ਵਾਸੀ ਹਾਜ਼ਰ ਸਨ।