ਬੱਚਿਆਂ ਤੇ ਔਰਤਾਂ ਨੂੰ ਗੁੜ ਦੀ ਥਾਂ ਮਿਸ਼ਰੀ ਦੀ ਹੋਵੇਗੀ ਵੰਡ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ ਸਰਕਾਰ ਵੱਲੋਂ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਦਿੱਤੇ ਜਾਂਦੇ ਪੌਸ਼ਟਿਕ ਖੁਰਾਕ ਵਿੱਚ ਹੁਣ ਗੁੜ ਦੀ ਥਾਂ ਮਿਸ਼ਰੀ ਵੰਡੀ ਜਾਵੇਗੀ ਕਿਉਂਕਿ ਗਰਮੀ ਦੇ ਮੌਸਮ ਖ਼ਾਸ ਕਰ ਕੇ ਮੌਨਸੂਨ ਦੌਰਾਨ ਗੁੜ ਦੇ ਪਿਘਲਣ ਕਾਰਨ ਬੈਕਟੀਰੀਆ ਬਣਨ ਦਾ ਖਦਸ਼ਾ ਰਹਿੰਦਾ ਹੈ। ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮਹਿਕਮੇ ਵੱਲੋਂ ਖੁਰਾਕ ਵਿੱਚ ਤਬਦੀਲੀ ਕੀਤੇ ਜਾਣ ਬਾਰੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਰਾਜਿੰਦਰਪਾਲ ਗੌਤਮ ਨੇ ਦੱਸਿਆ ਹੈ ਕਿ ਮਈ, ਜੂਨ ਤੇ ਜੁਲਾਈ ਦੌਰਾਨ ਗੁੜ ਪਾਣੀ ਛੱਡਣ ਲੱਗਦਾ ਹੈ, ਜਿਸ ਕਰ ਕੇ ਮਿਸ਼ਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਆਂਗਮਵਾੜੀ ਕੇਂਦਰਾਂ ਦਾ ਕੰਮ ਕਰੋਨਾਵਾਇਰਸ ਕਾਰਨ ਮਾਰਚ 2020 ਤੋਂ ਬੰਦ ਕਰਨਾ ਪਿਆ ਸੀ ਪਰ ਹੁਣ ਬੱਚਿਆਂ, ਗਰਭਵਤੀ ਤੇ ਦੁੱਧ ਚੁੰਘਾ ਰਹੀਆਂ ਮਾਵਾਂ ਲਈ ਮਿਸ਼ਰੀ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਭ ਲੈਣ ਵਾਲਿਆਂ ਲਈ ਪੰਜੀਰੀਫ਼ ਪੋਸ਼ਟਿਕ ਲੱਡੂ ਦੀ ਮਾਤਰਾ ਵੀ ਬਰਾਬਰ ਤੈਅ ਕੀਤੀ ਗਈ ਸੀ ਜਿਸ ਤਹਿਤ 140 ਗ੍ਰਾਮ ਪੰਜੀਰੀ 110 ਗ੍ਰਾਮ ਲੱਡੂ ਤੇ 500 ਕੈਲੋਰੀ ਤੇ 12-15 ਗਰਾਮ ਪ੍ਰੋਟੀਨ ਤੈਅ ਸੀ। ਉਨ੍ਹਾਂ ਦੱਸਿਆ ਕਿ 20 ਮਈ ਨੂੰ ਪੌਸ਼ਟਿਕ ਖੁਰਾਕ ਦੀ ਸੂਚੀ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਰਜਿਸਟਰਡ ਲੋੜਵੰਦਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਘਰ ਲੈ ਜਾਣ ਲਈ ਪੌਸ਼ਟਿਕ ਲੱਡੂ ਦੀ ਥਾਂ ਕਣਕ ਦਾ ਦਲੀਆ, ਕੱਚੇ ਕਾਲੇ ਛੋਲੇ, ਗੁੜ ਤੇ ਭੁੰਨੇ ਕਾਲੇ ਛੋਲੇ ਮੁੱਹਈਆ ਕਰਵਾਏ ਗਏ ਸਨ। ਹੁਣ ਗੁੜ ਦੀ ਥਾਂ ਮਿਸ਼ਰੀ ਦੇਣ ਦੀ ਮਾਤਰਾ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰੀਬ 5 ਲੱਖ ਲਾਭਪਾਤਰੀ ਇਸ ਯੋਜਨਾ ਦੇ ਦਾਇਰੇ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਮਹਿਲਾ ਤੇ ਬਾਲ ਵਿਕਾਸ ਲਈ ਖੁਰਾਕੀ ਤੱਤਾਂ ਵਾਲੇ ਖਾਣੇ ਦੀ ਵੰਡ ਨੂੰ ਪਹਿਲ ਦਿੱਤੀ ਜਾ ਰਹੀ ਹੈ।